ਬੈਂਕ ਤੋਂ ਪੈਸੇ ਕਢਵਾਉਣ ਗਏ ਬਜ਼ੁਰਗ ਨੂੰ ਬੇਹੋਸ਼ ਕਰਕੇ ਲੁੱਟਿਆ ਬੈਂਕ ਤੋਂ ਪੈਸੇ ਕਢਵਾਉਣ ਗਏ ਬਜ਼ੁਰਗ ਨੂੰ ਬੇਹੋਸ਼ ਕਰਕੇ ਸੁੱਟਿਆ ਤੇ ਲੁੱਟਿਆ
Publish Date: Sat, 31 Oct 2026 07:23 PM (IST)
Updated Date: Sat, 31 Oct 2026 07:25 PM (IST)
ਐਸਬੀਆਈ ਬੈਂਕ ਦੀ ਬਰਾਂਚ ਤੋਂ ਕਢਵਾਏ ਸਨ 88 ਹਜ਼ਾਰ ਰੁਪਏ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਭੀੜ ਭਰੇ ਬਾਜ਼ਾਰ ’ਚ ਸਥਿਤ ਇੱਕ ਬੈਂਕ ’ਚੋਂ ਪੈਸੇ ਕਢਵਾਉਣ ਗਏ ਇੱਕ ਬਜ਼ੁਰਗ ਨਾਲ ਚੋਰਾਂ ਲੁਟੇਰਿਆਂ ਵੱਲੋਂ ਵਾਰਦਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਬਜ਼ੁਰਗ ਤੋਂ ਚੋਰਾਂ ਲੁਟੇਰਿਆਂ ਵੱਲੋਂ ਬੈਂਕ ’ਚੋਂ ਕਢਵਾਏ 88 ਹਜ਼ਾਰ ਰੁਪਏ ਹੀ ਨਹੀਂ ਲੁੱਟੇ ਸਗੋਂ ਉਹ ਬੈਂਕ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਇੱਕ ਪਾਰਕ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਹੈ। ਸਥਾਨਕ ਨਗਰ ਖੇੜੇ ਦੇ ਨਜ਼ਦੀਕ ਇੱਕ ਪਾਰਕ ’ਚ ਬੇਹੋਸ਼ੀ ਦੀ ਹਾਲਤ ’ਚ ਮਿਲੇ ਬਜ਼ੁਰਗ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਵੱਲੋਂ ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਬਜ਼ੁਰਗ ਭੁਪਿੰਦਰ ਸਿੰਘ ਵਾਸੀ ਰੁੜਕੀ ਦੀ ਪੋਤਰੀ ਹਰਮਨ ਪ੍ਰੀਤ ਕੌਰ ਨੇ ਦੱਸਿਆ ਉਹ ਘਰੋਂ ਪੈਸੇ ਕਢਵਾਉਣ ਲਈ ਬੈਂਕ ਗਿਆ ਸੀ। ਜਿਸ ਨੂੰ ਚੋਰ ਲੁਟੇਰਿਆਂ ਵੱਲੋਂ ਬੇਹੋਸ਼ ਕਰਕੇ ਬੈਂਕ ਤੋਂ ਦੂਰ ਸੁੱਟ ਦਿੱਤਾ ਗਿਆ ਤੇ ਉਸ ਵੱਲੋਂ ਬੈਂਕ ’ਚੋਂ ਕਢਵਾਏ ਗਏ 88 ਹਜਾਰ ਰੁਪਏ ਲੁੱਟ ਲਏ। ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਬਜ਼ੁਰਗ ਦੇ ਹੀ ਫੋਨ ਤੋਂ ਇੱਕ ਫੋਨ ਕਾਲ ਆਈ ਜਿਸ ’ਚ ਦੱਸਿਆ ਗਿਆ ਕਿ ਬਜੁਰਗ ਮੋਰਿੰਡਾ ਦੇ ਨਗਰ ਖੇੜਾ ਦੇ ਨੇੜੇ ਇੱਕ ਪਾਰਕ ’ਚ ਬੇਹੋਸ਼ੀ ਦੀ ਹਾਲਤ ’ਚ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਬਜ਼ੁਰਗ ਨੂੰ ਬੇਹੋਸ਼ੀ ਦੀ ਹਾਲਤ ’ਚ ਹੀ ਇੱਕ ਨਿੱਜੀ ਹਸਪਤਾਲ ’ਚ ਲੈ ਕੇ ਗਏ ਜਿੱਥੇ ਉਹ ਬੇਹੋਸ਼ ਦੀ ਹਾਲਤ ’ਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਸਬੰਧੀ ਐਸਐਚਓ ਸਿਟੀ ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਅ ਮਿਲੀ ਹੈ ਕਿ ਪਿੰਡ ਰੁੜਕੀ ਨਿਵਾਸੀ ਬਜ਼ੁਰਗ ਬੈਂਕ ’ਚ ਪੈਸੇ ਕਢਵਾਉਣ ਗਿਆ ਸੀ ਤੇ ਉਸਨੂੰ ਬੇਹੋਸ਼ ਕਰਕੇ ਉਸਦੇ ਪੈਸੇ ਕੱਢ ਲਏ ਗਏ ਹਨ। ਉਹਨਾਂ ਕਿਹਾ ਕਿ ਬੈਂਕ ਦਾ ਰਿਕਾਰਡ ਚੈੱਕ ਕਰਵਾਇਆ ਜਾ ਰਿਹਾ ਹੈ ਕਿ ਕਿੰਨੇ ਪੈਸੇ ਉਸ ਨੇ ਕਢਵਾਏ ਸਨ। ਪੁਲਿਸ ਵੱਲੋਂ ਬੈਂਕ ਦੇ ਆਸ ਪਾਸ ਦੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਭੈੜੇ ਅਨਸਰਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਹੋਸ਼ ’ਚ ਆ ਜਾਣ ਤੋਂ ਬਾਅਦ ਉਸਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।