ਜੰਗਲੀ ਜੀਵ ਸੰਭਾਲ ਹਫ਼ਤਾ-2026 ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਸਰਕਾਰੀ ਕਾਲਜ ਰੋਪੜ ਵਿਖੇ ਜੰਗਲੀ ਜੀਵ ਸੰਭਾਲ ਹਫ਼ਤਾ-2026 ਤਹਿਤ ਜਾਗਰੂਕਤਾ ਸਮਾਗਮ ਕਰਵਾਇਆ
Publish Date: Mon, 12 Oct 2026 05:44 PM (IST)
Updated Date: Mon, 12 Oct 2026 05:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਰਕਾਰੀ ਕਾਲਜ ਰੋਪੜ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਜੰਗਲੀ ਜੀਵ ਸੰਭਾਲ ਹਫ਼ਤਾ-2026 ਦੇ ਸਬੰਧ ਵਿਚ ਵਿਸ਼ੇਸ਼ ਵਿਦਿਅਕ ਅਤੇ ਰਚਨਾਤਮਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ, ਵਾਤਾਵਰਨ ਦੇ ਸੰਤੁਲਨ ਅਤੇ ਜੈਵ-ਵਿਭਿੰਨਤਾ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਇਸ ਸਾਲ ਸਮਾਗਮ ਦਾ ਮੁੱਖ ਵਿਸ਼ਾ ਛੰਭ-ਜ਼ਮੀਨਾਂ (ਵੈਟਲੈਂਡਸ) ਅਤੇ ਜੈਵ-ਵਿਭਿੰਨਤਾ ਦੀ ਸੰਭਾਲ ਰੱਖਿਆ ਗਿਆ। ਸਮਾਗਮ ਦੀ ਸ਼ੁਰੂਆਤ ਵਿਸ਼ਵ ਜੰਗਲੀ ਜੀਵ ਫੰਡ (ਡਬਲਿਊ.ਡਬਲਿਊ.ਐੱਫ.) ਦੀ ਸੀਨੀਅਰ ਪ੍ਰੋਜੈਕਟ ਅਫ਼ਸਰ ਮਿਸ ਸਾਕਸ਼ੀ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਛੰਭ-ਜ਼ਮੀਨਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੁਦਰਤੀ ਖੇਤਰ ਅਨੇਕਾਂ ਜੀਵ-ਜੰਤੂਆਂ ਅਤੇ ਪੰਛੀਆਂ ਦੇ ਵਸੇਬੇ ਲਈ ਅਹਿਮ ਹਨ। ਇਸ ਦੇ ਨਾਲ ਹੀ ਇਹ ਜਲ-ਚੱਕਰ ਨੂੰ ਕਾਇਮ ਰੱਖਣ ਅਤੇ ਵਾਤਾਵਰਨ ਦੇ ਸੰਤੁਲਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਠੋਸ ਉਪਰਾਲੇ ਕਰਨ ਅਤੇ ਵਾਤਾਵਰਨ ਦੀ ਸੁਰੱਖਿਆ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਅਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਦੋ ਮੁਕਾਬਲੇ ਕਰਵਾਏ ਗਏ। ਪੋਸਟਰ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ, ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਛੰਭ-ਜ਼ਮੀਨਾਂ ਦੀ ਮਹੱਤਤਾ ਨੂੰ ਦਰਸਾਉਂਦੇ ਪ੍ਰਭਾਵਸ਼ਾਲੀ ਤੇ ਸੰਦੇਸ਼ਪੂਰਨ ਪੋਸਟਰ ਤਿਆਰ ਕੀਤੇ। ਇਸੇ ਤਰ੍ਹਾਂ ਆਲ੍ਹਣੇ ਬਣਾਉਣ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਲੱਕੜ ਅਤੇ ਹੋਰ ਸਮੱਗਰੀ ਦੀ ਵਰਤੋਂ ਕਰਕੇ ਸਥਾਨਕ ਪੰਛੀਆਂ ਦੇ ਸੁਰੱਖਿਅਤ ਵਸੇਬੇ ਲਈ ਉਪਯੋਗੀ ਅਤੇ ਰਚਨਾਤਮਕ ਆਲ੍ਹਣੇ ਤਿਆਰ ਕੀਤੇ।ਦੋਵੇਂ ਮੁਕਾਬਲਿਆਂ ਵਿਚ ਪ੍ਰੋ. ਅਜੇ ਕੁਮਾਰ ਅਤੇ ਪ੍ਰੋ. ਜਸਮਿੰਦਰ ਕੌਰ ਨੇ ਨਿਰਣਾਇਕਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪੋਸਟਰਾਂ ਅਤੇ ਆਲ੍ਹਣਿਆਂ ਦਾ ਮੁਲਾਂਕਣ ਉਨ੍ਹਾਂ ਦੀ ਰਚਨਾਤਮਕਤਾ, ਵਿਗਿਆਨਕ ਸੋਚ ਅਤੇ ਵਿਸ਼ੇ ਦੀ ਸਮਝ ਦੇ ਆਧਾਰ ’ਤੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਗਤੀਵਿਧੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਦੱਸਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਗੁਨਜੀਤ ਕੌਰ ਕੰਗ ਨੇ ਜੀਵ ਵਿਗਿਆਨ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਸਮਾਜਿਕ ਅਤੇ ਵਾਤਾਵਰਨਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੁਦਰਤ ਅਤੇ ਜੀਵ-ਜੰਤੂਆਂ ਦੀ ਸੰਭਾਲ ਲਈ ਪ੍ਰੇਰਿਤ ਕਰਦੇ ਹਨ। ਇਹ ਸਮਾਗਮ ਵਿਭਾਗੀ ਤਾਲਮੇਲਕਰਤਾਵਾਂ ਸੁਰਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਸਫ਼ਲਤਾਪੂਰਵਕ ਸੰਪੰਨ ਹੋਇਆ।