ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ : ਪ੍ਰੋ. ਬੀਰਦਵਿੰਦਰ ਬੱਲਾਂ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ: ਪ੍ਰੋ. ਬੀਰਦਵਿੰਦਰ ਸਿੰਘ ਬੱਲਾਂ
Publish Date: Thu, 26 Nov 2026 04:37 PM (IST)
Updated Date: Thu, 26 Nov 2026 04:40 PM (IST)
ਕਾਂਗਰਸ ਵੱਲੋਂ ਵੀ ਸਿਆਸੀ ਹੋਂਦ ਬਚਾਉਣ ਲਈ ਗਠਜੋੜ ਦੀਆਂ ਵਿਉਂਤਬੰਦੀਆਂ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ‘ਪੰਜਾਬ ਯੂਥ ਰਨ ਮੈਰਾਥਨ’ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਪ੍ਰੋਫੈਸਰ ਬੀਰਦਵਿੰਦਰ ਸਿੰਘ ਬੱਲਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਭਾਵੀ ਸਿਆਸੀ ਗੱਠਜੋੜ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮੋਰਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬੱਲਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬੇਹੱਦ ਜਾਗਰੂਕ ਹਨ ਤੇ ਉਹ ਸੂਬੇ ਦੇ ਇਤਿਹਾਸਕ ਤੇ ਭਖਦੇ ਮੁੱਦਿਆਂ ਨੂੰ ਕਦੇ ਨਹੀਂ ਭੁੱਲ ਸਕਦੇ। ਪ੍ਰੋ. ਬੱਲਾਂ ਅਨੁਸਾਰ, ਪੰਜਾਬ ਦੀ ਜਨਤਾ ਨਾ ਤਾਂ 1984 ਦੇ ਦੌਰ ਨੂੰ ਭੁੱਲੀ ਹੈ, ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਤੇ ਨਾ ਹੀ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਹੋਈਆਂ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਵਿਸਾਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਨੇ ਪੰਜਾਬੀਆਂ ਦੇ ਪੁਰਾਣੇ ਜ਼ਖ਼ਮ ਮੁੜ ਹਰੇ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਆਗੂ ਕਿਸਾਨ ਅੰਦੋਲਨ ਦੌਰਾਨ ਇੱਕ-ਦੂਜੇ ਵਿਰੁੱਧ ਤਿੱਖੀ ਬਿਆਨਬਾਜ਼ੀ ਕਰਦੇ ਸਨ, ਉਹ ਹੁਣ ਮਹਿਜ਼ ਸੱਤਾ ਦੀ ਲਾਲਸਾ ਕਾਰਨ ਮੁੜ ਇੱਕ ਮੰਚ ’ਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਘਾਤਕ ਸਿੱਧ ਹੋਵੇਗਾ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਪ੍ਰੋ. ਬੀਰਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕਾਰਜਾਂ ਤੇ ਆਪ ਦੀ ਵਧਦੀ ਲੋਕਪ੍ਰਿਅਤਾ ਤੋਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਬੁਖਲਾਹਟ ਵਿਚ ਹਨ। ਉਨ੍ਹਾਂ ਕਿਹਾ ਕਿ ਆਪਣੀ ਖੁਰ ਚੁੱਕੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਵੀ ਆਪਣੀ ਅੰਦਰੂਨੀ ਫੁੱਟ ਨੂੰ ਛੁਪਾਉਂਦਿਆਂ ਖੱਬੇ ਪੱਖੀ ਪਾਰਟੀਆਂ (ਸੀ.ਪੀ.ਆਈ. ਤੇ ਸੀ.ਪੀ.ਐਮ.) ਨਾਲ ਗੱਠਜੋੜ ਦੀਆਂ ਵਿਉਂਤਾਂ ਬੁਣ ਰਹੀ ਹੈ। ਪ੍ਰੋ. ਬੱਲਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਲੁਭਾਉਣੇ ਵਾਅਦਿਆਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਹੋਏ ਕੰਮਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿੱਖਿਆ, ਸਿਹਤ, ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿਚ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਸਿਰਫ਼ ਸੱਤਾ ਹਾਸਲ ਕਰਨ ਦੀ ਲੜਾਈ ਨਹੀਂ, ਸਗੋਂ ਪੰਜਾਬ ਦੇ ਵਿਕਾਸ, ਅਮਨ-ਸ਼ਾਂਤੀ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੀ ਲੜਾਈ ਹੋਣਗੀਆਂ, ਜਿਸ ਵਿਚ ਸੂਬੇ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੇ ਹੱਕ ’ਚ ਫਤਵਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਉਪ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਬਲਾਕ ਪੰਚਾਇਤ ਵਿਕਾਸ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਸਰਪੰਚ ਬਲਦੇਵ ਸਿੰਘ ਮਾਜਰੀ, ਸਰਪੰਚ ਮੇਜਰ ਸਿੰਘ ਓਇੰਦ, ਰਾਜੂ ਬੂਰਮਾਜਰਾ, ਕੁਲਦੀਪ ਸਿੰਘ ਸੰਧੂ ਅਮਰਾਲੀ, ਚੰਨੀ ਪੰਚ ਅਮਰਾਲੀ, ਵਿਵੇਕ ਸ਼ਰਮਾ ਤੇ ਪ੍ਰਦੀਪ ਸਿੰਘ ਰੁੜਕੀ ਸਮੇਤ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।