- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਵਲਾ ਖ਼ਿਲਾਫ਼ ਲੱਗੇ ਦੋਸ਼ ਸਿਆਸੀ ਸਾਜ਼ਿਸ਼ ਦਾ ਹਿੱਸਾ: ਅਕਾਲੀ ਆਗੂ

ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਹਾਈ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਦੀ ਮੰਗ
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,
ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਹੱਕ ’ਚ ਨਿੱਤਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਸਥਾਨਕ ਵਾਈਟ ਸਿਟੀ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਆਗੂਆਂ ਨੇ ਮਾਮਲੇ ਦੀ ਹਾਈ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਹਰੀਵਾਲ ਨੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਭਾਈ ਚਾਵਲਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਈ ਚਾਵਲਾ ਸ੍ਰੀ ਆਨੰਦਪੁਰ ਸਾਹਿਬ ਤੋਂ 2027 ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ ਤੇ ਕਈ ਸਿਆਸੀ ਵਿਰੋਧੀਆਂ ਦੀਆਂ ਅੱਖਾਂ ’ਚ ਰੜਕ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਕ ਡੂੰਘੀ ਸਾਜ਼ਿਸ਼ ਦੇ ਤਹਿਤ ਭਾਈ ਚਾਵਲਾ ਨੂੰ ਇਸ ਮਾਮਲੇ ’ਚ ਫਸਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਿਰਪੱਖ ਜਾਂਚ ਰਾਹੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਦੇ ਮੈਂਬਰ ਸਰਦਾਰ ਹਰਦੇਵ ਸਿੰਘ ਦੇਬੀ ਤੇ ਡਾ. ਖੁਸ਼ਹਾਲ ਸਿੰਘ ਸਿੰਘ ਬਰੂਵਾਲ ਨੇ ਕਿਹਾ ਕਿ ਭਾਈ ਚਾਵਲਾ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਸਰਗਰਮੀਆਂ ’ਚ ਯੋਗਦਾਨ ਪਾ ਰਹੇ ਹਨ ’ਤੇ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਈ ਚਾਵਲਾ ਦੇ ਸਿਆਸੀ ਵਿਰੋਧੀਆਂ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਸਿਆਸੀ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਗੂਆਂ ਨੇ ਇਕ ਮਹਿਲਾ ਵੱਲੋਂ ਲਾਏ ਗਏ ਜਬਰ-ਜਨਾਹ, ਬੰਧਕ ਬਣਾਉਣ ਤੇ ਧਮਕੀਆਂ ਦੇ ਦੋਸ਼ਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਘਟਨਾਵਾਂ ਅਤੇ ਸ਼ਿਕਾਇਤ ਦਰਜ ਕਰਵਾਉਣ ਦਰਮਿਆਨ ਰਹੇ ਸਮੇਂ ਸਮੇਤ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਥਾਣੇ ’ਚ 21 ਅਗਸਤ ਨੂੰ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਭਾਈ ਚਾਵਲਾ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 64, 127(2) ਤੇ 351(2) ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਸ਼ਿਕਾਇਤਕਰਤਾ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਵੀ ਬਿਆਨ ਦਰਜ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ।
ਇਸ ਮੌਕੇ ਠੇਕੇਦਾਰ ਗੁਰਵਿੰਦਰ ਸਿੰਘ ਸਰਕਲ ਪ੍ਰਧਾਨ ਕੀਰਤਪੁਰ ਸਾਹਿਬ, ਕੁਲਵਿੰਦਰ ਸਿੰਘ ਸਰਕਲ ਪ੍ਰਧਾਨ (ਦਿਹਾਤੀ) ਕੀਰਤਪੁਰ ਸਾਹਿਬ, ਅਜਮੇਰ ਸਿੰਘ, ਮਨਜੀਤ ਸਿੰਘ ਨੀਟੂ, ਕਿਰਪਾਲ ਸਿੰਘ, ਮਲਕੀਤ ਸਿੰਘ ਢਾਹੇ, ਉਜਲ ਸਿੰਘ ਬੰਟੂ, ਗੁਰਮੁਖ ਸਿੰਘ ਵਿਰਕ ਅਤੇ ਬਲਦੇਵ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
------------
ਡੱਬੀ-
ਇਕ ਵੱਖਰੇ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਅਨੰਦਪੁਰ ਸਾਹਿਬ ਦੀ ਪ੍ਰਧਾਨ ਬੀਬੀ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਿਆਸਤ ਦੀ ਭੇਟ ਚੜ੍ਹੇ ਹਨ, ਉਨ੍ਹਾਂ ’ਤੇ ਲੱਗੇ ਦੋਸ਼ ਬੇਬੁਨਿਆਦ ਹਨ ਭਾਈ ਚਾਵਲਾ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਇਨਸਾਨ ਹਨ ਤੇ ਉਨ੍ਹਾਂ ਦੀ ਸਖਸੀਅਤ ਨੂੰ ਖਰਾਬ ਕਰਨ ਲਈ ਕੋਝੀਆਂ ਚਾਲਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।