ਐੱਨਪੀਐੱਸ ਮੁਲਾਜ਼ਮ ਪਿੰਡ ਸਤੌਜ ਵੱਲ ਕੱਲ੍ਹ ਕਰਨਗੇ ਕੂਚ ਪੰਜਾਬ ਦੇ ਸਾਰੇ ਐੱਨਪੀਐੱਸ ਮੁਲਾਜ਼ਮ ਮੁੱਖ ਮੰਤਰੀ ਦੇ ਪਿੰਡ ਸਤੌਜ ਵੱਲ ਕੱਲ੍ਹ ਕਰਨਗੇ ਕੂਚ
Publish Date: Fri, 21 Aug 2026 03:33 PM (IST)
Updated Date: Fri, 21 Aug 2026 03:33 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਪੰਜਾਬ ਵਿਚ ਐੱਨਪੀਐੱਸ ਦੇ ਖਿਲਾਫ ਲੜ ਰਹੀਆਂ ਮੁਲਾਜ਼ਮਾਂ ਦੀਆਂ ਤਿੰਨ ਪ੍ਰਮੁੱਖ ਜੱਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੰਚ ਦੇ ਬੈਨਰ ਹੇਠ 23 ਅਗਸਤ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵੱਲ ਲੱਖਾਂ ਮੁਲਾਜ਼ਮ ਕੂਚ ਕਰਨਗੇ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਗੁਰਿੰਦਰਪਾਲ ਸਿੰਘ ਖੇੜੀ ਨੇ ਦੱਸਿਆ ਕਿ ਮੰਚ ਵਲੋਂ 4 ਜੁਲਾਈ ਨੂੰ ਮੋਗਾ ਕਨਵੈਂਨਸ਼ਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁਰਾਣੀ ਪੈਨਸ਼ਨ ਬਹਾਲੀ ’ਤੇ ਚਰਚਾ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ, ਪ੍ਰੰਤੂ ਉਨ੍ਹਾਂ ਵੱਲੋਂ ਮੁਲਾਜ਼ਮਾਂ ਦੇ ਸੱਦੇ ਨੂੰ ਸਵੀਕਾਰ ਨਾ ਕਰਕੇ ਮੁਲਾਜ਼ਮ ਤੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ। ਆਗੂਆਂ ਵੱਲੋਂ ਦੱਸਿਆ ਗਿਆ ਕਿ ਹੁਣ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਸਤੌਜ ਵੱਲ 23 ਅਗਸਤ, 2026 ਨੂੰ ਵਿਸ਼ਾਲ ਮਾਰਚ ਕਰਦੇ ਹੋਏ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਰੋਸ ਮਾਰਚ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਾਰਕੁੰਨ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਦੌਰਾਨ ਆਗੂਆਂ ਨੇ ਅਰੋਪ ਲਗਾਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਰਾਜਭਾਗ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਤੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਐੱਨਪੀਐੱਸ ਪੀੜਤ ਮੁਲਾਜ਼ਮ ਹੁਣ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਕੈਂਬੋ, ਦਲੀਪ ਸਿੰਘ ਭੂਰੜੇ, ਬਲਜਿੰਦਰ ਸਿੰਘ ਸਾਂਤਪੁਰੀ, ਗੁਰਦੀਪ ਸਿੰਘ ਖਾਬੜਾ, ਹਰਨੇਕ ਸਿੰਘ ਝੱਲੀਆਂ, ਰਾਜਵੀਰ ਸਿੰਘ, ਬਲਵੰਤ ਸਿੰਘ ਕੋਟਲੀ, ਦਵਿੰਦਰਪਾਲ ਸਿੰਘ ਬੇਦੀ, ਇਕਬਾਲ ਸਿੰਘ ਹਾਫਿਜਾਬਾਦ, ਰੁਪਿੰਦਰਪਾਲ ਸਿੰਘ, ਜਗਵਰਿੰਦਰ ਸਿੰਘ, ਰਾਜਿੰਦਰਪਾਲ ਸਿੰਘ ਬੈਂਸ, ਦਲਜੀਤ ਸਿੰਘ ਜਟਾਣਾ, ਬਹਾਦਰ ਸਿੰਘ ਜਗਤਪੁਰ, ਜਸਵੰਤ ਸਿੰਘ ਆਦਿ ਆਗੂ ਹਾਜ਼ਰ ਸਨ।