ਹੋਲਾ ਮਹੱਲਾ ਮੌਕੇ 3 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ‘ਚ ਅਕਾਲੀ ਦਲ ਪੁਨਰ ਸੁਰਜੀਤ ਨੇ ਕਾਨਫਰੰਸ ਕਰਨ ਦਾ ਕੀਤਾ ਐਲਾਨ
ਹੋਲਾ ਮਹੱਲਾ ਮੌਕੇ 3 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ‘ਚ ਅਕਾਲੀ ਦਲ ਪੁਨਰ ਸੁਰਜੀਤ ਨੇ ਕਾਨਫਰੰਸ ਕਰਨ ਦਾ ਕੀਤਾ ਐਲਾਨ
Publish Date: Sun, 15 Feb 2026 04:09 PM (IST)
Updated Date: Sun, 15 Feb 2026 04:12 PM (IST)

ਪੰਥਕ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਐਸਜੀਪੀਸੀ ਚੋਣਾਂ ਅਤੇ ਪੰਜਾਬ ਦੇ ਅਧਿਕਾਰਾਂ ‘ਤੇ ਹੋਵੇਗੀ ਲਾਮਬੰਦੀ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਆਨੰਦਪੁਰ ਸਾਹਿਬ, ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕਿ ਹੋਲਾ ਮਹੱਲੇ ਦੇ ਇਤਿਹਾਸਕ ਦਿਹਾੜੇ ਮੌਕੇ 3 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਅਕਾਲੀ ਕਾਨਫਰੰਸ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮਕਸਦ ਪੰਜਾਬ ਨੂੰ ਬਚਾਉਣ ਅਤੇ ਜਗਾਉਣ ਲਈ ਸੱਦਾ ਦੇਣਾ ਅਤੇ ਪੰਥਕ ਮਸਲਿਆਂ ‘ਤੇ ਸਾਂਝੀ ਲਾਮਬੰਦੀ ਕਰਨੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਬੰਧੀ ਕੀਤੇ ਵਾਅਦੇ ਕੇਂਦਰ ਸਰਕਾਰ ਵੱਲੋਂ ਪੂਰਾ ਨਾ ਕਰਨਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਕੈਦੀਆਂ ਕੀਤਾ ਜਾ ਰਿਹਾ ਮਾੜਾ ਵਤੀਰਾ ਅਜਿਹੇ ਮਸਲੇ ਹਨ ਜਿਨ੍ਹਾਂ ਸਬੰਧੀ ਲੋਕ ਲਹਿਰ ਬਣਾਈ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਤਾਂ ਜੋ ਸਿੱਖ ਸੰਸਥਾਵਾਂ ਵਿਚ ਆਈ ਕਮਜ਼ੋਰੀ ਦੂਰ ਹੋ ਸਕੇ। ਉਨ੍ਹਾਂ ਇੰਡੋ-ਯੂਐਸ ਵਪਾਰ ਸਮਝੌਤੇ ਬਾਰੇ ਸਪਸ਼ਟਤਾ ਦੀ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਲਾਜ਼ਮੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖੇਤੀ ਸਮਝੌਤਾ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਵੇਚਣ, ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਆਰਡੀਐਫ ਫੰਡ ਜਾਰੀ ਨਾ ਕਰਨ ਵਰਗੇ ਮਸਲੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਹਨ ਪ੍ਰੰਤੂ ਸੂਬਾ ਸਰਕਾਰ ਇਸ ਕਰਕੇ ਇਹਨਾਂ ਮਸਲਿਆਂ ਤੇ ਚੁੱਪ ਹੈ ਕਿਉਕਿ ਅਸਲ ਵਿਚ ਸਰਕਾਰ ਦਿੱਲੀ ਤੋਂ ਕੇਜਰੀਵਾਲ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਮਸਲੇ 3 ਮਾਰਚ ਦੀ ਕਾਨਫਰੰਸ ਵਿਚ ਉਠਾਏ ਜਾਣਗੇ ਅਤੇ ਪੰਜਾਬ ਦੇ ਹੱਕਾਂ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਬਚਾਅ ਲਈ ਸਾਰੀਆਂ ਖੇਤਰੀ ਧਿਰਾਂ ਨੂੰ ਨਿੱਜ ਤੋਂ ਉਪਰ ਉੱਠਕੇ ਇਕੱਠੇ ਹੋਣ ਦੀ ਲੋੜ ਹੈ।