ਅਕਾਲੀ ਦਲ ਨੇ ਝਾੜੂ ਸਾੜ੍ਹ ਕੇ ਪ੍ਰਗਟਾਇਆ ਰੋਸ ਅਕਾਲੀ ਦਲ ਵੱਲੋਂ ਮੋਰਿੰਡਾ ਵਿਖੇ ਆਪ ਦਾ ਚੋਣ ਨਿਸ਼ਾਨ ਝਾੜੂ ਸਾੜਿਆ
Publish Date: Sun, 25 Oct 2026 05:34 PM (IST)
Updated Date: Sun, 25 Oct 2026 05:37 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮਾਨਸਾ ਜ਼ਿਲ੍ਹੇ ’ਚ ਐਂਟੀ ਡਰੱਗਸ ਟਾਸਕ ਫੋਰਸ ਦੇ ਸੰਚਾਲਕ ਅਤੇ ਨਸ਼ਾ ਵਿਰੋਧੀ ਆਵਾਜ਼ ਚੁਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਮੋਰਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਮੌਜੂਦਾ ਸਰਕਾਰ ਦਾ ਚੋਣ ਨਿਸ਼ਾਨ ਝਾੜੂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਮਾਨਸਾ ’ਚ ਇੱਕ ਕੈਮਿਸਟ ਦੇ ਹੱਥੋਂ ਪਰਵਿੰਦਰ ਸਿੰਘ ਖਾਲਸਾ ਦਾ ਕਤਲ ਪੰਜਾਬ ’ਚ ਵਧ ਰਹੇ ਨਸ਼ਿਆਂ ਅਤੇ ਅਪਰਾਧ ਦਾ ਤਿੱਖਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਸੂਬੇ ’ਚ ਕਾਨੂੰਨ-ਵਿਵਸਥਾ ਅਤੇ ਨਸ਼ਾ ਮੁਕਤੀ ਦੇ ਦਾਅਵੇ ਕੁਝ ਹੋਰ ਹਨ ਅਤੇ ਜ਼ਮੀਨੀ ਹਕੀਕਤ ਕੁਝ ਹੋਰ ਹੈ। ਸੰਧੂ ਨੇ ਦੱਸਿਆ ਕਿ ਮਾਨਸਾ ਦੀ ਐਕਸ਼ਨ ਕਮੇਟੀ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਮੋਰਚੇ ਦੇ ਸਮਰਥਨ ’ਚ ਮੌਜੂਦਾ ਸਰਕਾਰ ਦਾ ਚੋਣ ਨਿਸ਼ਾਨ ਝਾੜੂ ਸਾੜਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸਾ ਅਨੁਸਾਰ ਸੂਬੇ ਭਰ ਦੇ ਕਸਬਿਆਂ, ਸ਼ਹਿਰਾਂ ਅਤੇ ਨਗਰਾਂ ’ਚ ਅਕਾਲੀ ਦਲ ਪੀੜਤ ਪਰਿਵਾਰ ਅਤੇ ਮੋਰਚੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਝਾੜੂ ਸਾੜਕੇ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਮੌਜੂਦਾ ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਲੋਕਾਂ ਦਾ ਭਰੋਸਾ ਇਸ ਤੋਂ ਉੱਠ ਚੁੱਕਾ ਹੈ। ਸੰਧੂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਆਵਾਜ਼ ਉਠਾਈ ਸੀ, ਪਰ ਉਸ ਦੀ ਹੱਤਿਆ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਨੂੰ ਪੂਰੀ ਆਜ਼ਾਦੀ ਮਿਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਰ ਘਰ ਵਿੱਚ ਪਹੁੰਚ ਕੇ ਲੋਕਾਂ ਨੂੰ ਇਸ ਸੰਘਰਸ਼ ਨਾਲ ਜੋੜੇਗਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਸੁਰੱਖਿਆ ਲਈ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਸਰਕਾਰ ਦਾ ਅੰਤ ਕਰਨ ਦਾ ਫੈਸਲਾ ਕਰਨਗੇ। ਇਸ ਮੌਕੇ ਹਾਜ਼ਰ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪੰਜਾਬ ਭਰ ’ਚ ਇਨਸਾਫ਼ ਲਈ ਚੱਲ ਰਹੇ ਮੋਰਚੇ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਜ਼ਿਲ੍ਹਾ ਯੂਥ ਪ੍ਰਧਾਨ ਰੂਪਿੰਦਰ ਸਿੰਘ ਹੈਪੀ ਲੱਖੇਵਾਲ, ਸੀਨੀਅਰ ਅਕਾਲੀ ਆਗੂ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸੀਨੀਅਰ ਆਗੂ ਅਸ਼ਵਨੀ ਸ਼ਰਮਾ, ਕੁਲਬੀਰ ਸਿੰਘ ਸੈਣੀ, ਅੰਮ੍ਰਿਤ ਪਾਲ ਸਿੰਘ ਰਾਏਪੁਰ ਸੂਬਾ ਮੀਤ ਪ੍ਰਧਾਨ ਬੀਸੀ ਵਿੰਗ ਗੁਲਸ਼ਨ ਦੀਪ ਸਿੰਘ, ਯੁਵਰਾਜ ਸਿੰਘ, ਮਜੀਦ ਖਾਨ ਪ੍ਰਧਾਨ ਮਨਿਓਰਟੀ ਸੈਲ, ਯੂਥ ਪ੍ਰਧਾਨ ਲੱਖੀ ਸ਼ਾਹ, ਅਮਰਿੰਦਰ ਸਿੰਘ ਹੈਲੀ, ਸੁੱਖਾ ਯੂਕੇ, ਤਰਲੋਚਨ ਸਿੰਘ ਅਤੇ ਹੋਰ ਆਗੂ ਸ਼ਾਮਿਲ ਸਨ।