ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਸਾਂਝੇ ਤੌਰ ’ਤੇ ਦੇਖਿਆ ‘ਮਨ ਕੀ ਬਾਤ’ ਪ੍ਰੋਗਰਾਮ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਸਾਂਝੇ ਤੌਰ ’ਤੇ ਦੇਖਿਆ ‘ਮਨ ਕੀ ਬਾਤ’ ਪ੍ਰੋਗਰਾਮ
Publish Date: Sun, 29 Nov 2026 03:20 PM (IST)
Updated Date: Sun, 29 Nov 2026 03:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੁਣਨ ਤੇ ਦੇਖਣ ਲਈ ਵਿਸ਼ੇਸ਼ ਸਮਾਗਮ ਮੰਡਲ ਪ੍ਰਧਾਨ ਜਗਦੀਸ਼ ਕਾਜ਼ਲਾ ਅਗਵਾਈ ’ਚ ਕਰਵਾਇਆ ਗਿਆ। ਇਸ ਮੌਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇਕੱਠਿਆਂ ਸ਼ਮੂਲੀਅਤ ਕਰਕੇ ਸਥਾਨਕ ਪੱਧਰ ’ਤੇ ਆਪਸੀ ਸਾਂਝ ਤੇ ਏਕਤਾ ਦਾ ਸੁਨੇਹਾ ਦਿੱਤਾ। ਰੂਪਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਆਪਣੀ ਅਕਾਲੀ ਦਲ ਦੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਪੁੱਜੇ। ਪ੍ਰਬੰਧਕਾਂ ਅਨੁਸਾਰ, ਸਥਾਨਕ ਪੱਧਰ ’ਤੇ ਪਹਿਲੀ ਵਾਰ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇਸ ਤਰ੍ਹਾਂ ਇਕੱਠੇ ਬੈਠ ਕੇ ‘ਮਨ ਕੀ ਬਾਤ’ ਪ੍ਰੋਗਰਾਮ ਦੇਖਿਆ। ਮੱਕੜ ਤੇ ਉਨ੍ਹਾਂ ਦੀ ਟੀਮ ਦੀ ਹਾਜ਼ਰੀ ਸਮਾਗਮ ਦਾ ਖਾਸ ਆਕਰਸ਼ਣ ਰਹੀ। ਇਸ ਮੌਕੇ ਕਾਜਲਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਵੱਖੋ-ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਮਾਈ ਭਾਰਤ’ ਨੌਜਵਾਨਾਂ ਨੂੰ ਸਕਾਰਾਤਮਕ ਸਰਗਰਮੀਆਂ ਨਾਲ ਜੋੜ ਕੇ ਦੇਸ਼ ਦੀ ਤਰੱਕੀ ’ਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਹਵਾਲਾ ਦਿੰਦਿਆਂ ਕਾਜਲਾ ਨੇ ਦੱਸਿਆ ਕਿ ‘ਬਜਟ ਕੁਐਸਟ’ ਰਾਹੀਂ ਲਗਭਗ 12 ਲੱਖ ਨੌਜਵਾਨ ਬਜਟ ਪ੍ਰਕਿਰਿਆ ਤੇ ਨੀਤੀ ਨਿਰਮਾਣ ਨਾਲ ਜੁੜੇ। ਕੁਇਜ਼ ਮਗਰੋਂ ਕਰੀਬ ਇੱਕ ਲੱਖ ਸੱਠ ਹਜ਼ਾਰ ਭਾਗੀਦਾਰ ਲੇਖ ਮੁਕਾਬਲੇ ਲਈ ਚੁਣੇ ਗਏ। ਉਨ੍ਹਾਂ ਕਿਹਾ ਕਿ ਇਹ ਉਤਸ਼ਾਹ ਨੌਜਵਾਨਾਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਕਾਜਲਾ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ, ਹਰਿਆਲੇ ਤੇ ਸਾਫ਼ ਭਾਰਤ ਦੀ ਉਸਾਰੀ ਤੇ ਪੇਂਡੂ ਖੇਤਰਾਂ ’ਚ ਖੇਡ ਪ੍ਰਤਿਭਾ ਦੀ ਪਛਾਣ ਸਬੰਧੀ ਨੌਜਵਾਨਾਂ ਦੇ ਸੁਝਾਵਾਂ ਦੀ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵਿਚਾਰ ਦੇਸ਼ ਨੂੰ ਅੱਗੇ ਲਿਜਾਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਤੇ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਿੰਮਤ ਸਿੰਘ ਗਿਰਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਰਿਵਾਰਾਂ ਤੇ ਸਮਾਜ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਨਸ਼ਿਆਂ ਦੀ ਚੁਣੌਤੀ ਬਾਰੇ ਦਿੱਤੇ ਸੁਨੇਹੇ ਦਾ ਹਵਾਲਾ ਦਿੰਦਿਆਂ ਨੌਜਵਾਨਾਂ ਨੂੰ ਖੇਡਾਂ, ਸਮਾਜ ਸੇਵਾ ਤੇ ਉਸਾਰੂ ਸਰਗਰਮੀਆਂ ਨਾਲ ਜੋੜਨ ’ਤੇ ਜ਼ੋਰ ਦਿੱਤਾ। ਸਮਾਗਮ ’ਚ ਅਕਾਲੀ ਦਲ ਤੇ ਭਾਜਪਾ ਵਰਕਰਾਂ ਦੀ ਸਾਂਝੀ ਹਾਜ਼ਰੀ ਨੂੰ ਆਪਸੀ ਸਮਝ ਤੇ ਲੋਕਹਿੱਤ ਦੇ ਕੰਮਾਂ ਲਈ ਸਹਿਯੋਗ ਵਧਾਉਣ ਦਾ ਸਕਾਰਾਤਮਕ ਮੌਕਾ ਦੱਸਿਆ ਗਿਆ। ਪ੍ਰਬੰਧਕਾਂ ਨੇ ਮੱਕੜ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਇਸ ਸਾਂਝ ਨੂੰ ਅਹਿਮ ਕਰਾਰ ਦਿੱਤਾ। ਇਸ ਮੌਕੇ ਰਵਿੰਦਰ ਕੁਮਾਰ ਸ਼ਰਮਾ, ਮਨਜਿੰਦਰ ਧਨੋਆ, ਕੁਲਵੰਤ ਸਿੰਘ ਐੱਮਸੀ, ਤਰਨਜੀਤ ਸਿੰਘ ਤਰਨੀ, ਰਜਿੰਦਰ ਕੁਮਾਰ ਕੱਕੜ, ਮੋਨਿਕਾ ਸ਼ਰਮਾ, ਤਿਲਕ ਰਾਜ, ਦਿਨੇਸ਼ ਕੁਮਾਰ, ਮਨਜੀਤ ਸਿੰਘ ਤੰਬੜ ਤੇ ਵਿਕਾਸ ਵਾਲੀਆ ਵੀ ਹਾਜ਼ਰ ਸਨ।