ਭਰਤ ਮਿਲਾਪ ਦੇ ਭਾਵੁਕ ਦ੍ਰਿਸ਼ਾਂ ਨੇ ਅੱਖਾਂ ਕੀਤੀਆਂ ਨਮ ਨੂਰਪੁਰਬੇਦੀ ’ਚ ਰਾਮਲੀਲਾ ਦੀ ਸੱਤਵੀਂ ਨਾਈਟ ਦਾ ਅਜੇਵੀਰ ਸਿੰਘ ਲਾਲਪੁਰਾ ਨੇ ਕੀਤਾ ਉਦਘਾਟਨ
Publish Date: Sat, 17 Oct 2026 04:21 PM (IST)
Updated Date: Sat, 17 Oct 2026 04:24 PM (IST)
ਅਜੇਵੀਰ ਸਿੰਘ ਲਾਲਪੁਰਾ ਵੱਲੋਂ ਰਾਮਲੀਲਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਬੱਚੇ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਪਹੁੰਚੇ ਹੋਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਜੇਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਰਾਮਲੀਲਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਇਤਿਹਾਸ ਅਤੇ ਸੰਸਕਾਰਾਂ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰਾਮਲੀਲਾ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਰਾਮਲੀਲਾ ਦੀ ਸੱਤਵੀਂ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਭਰਤ ਮਿਲਾਪ ਅਤੇ ਸਰੂਪਨਖਾ ਸੰਵਾਦ ਸਮੇਤ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਭਰਤ ਮਿਲਾਪ ਦਾ ਦ੍ਰਿਸ਼ ਬੇਹੱਦ ਭਾਵੁਕ ਰਿਹਾ। ਪ੍ਰਭੂ ਸ੍ਰੀ ਰਾਮ ਅਤੇ ਭਰਤ ਦੇ ਮਿਲਾਪ ਨੂੰ ਕਲਾਕਾਰਾਂ ਨੇ ਇੰਨੇ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਕਿ ਪੰਡਾਲ ’ਚ ਮੌਜੂਦ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਕਲਾਕਾਰਾਂ ਦੇ ਪ੍ਰਭਾਵਸ਼ਾਲੀ ਅਭਿਨੈ ਅਤੇ ਸੰਵਾਦਾਂ ਦੀ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਪ੍ਰਭੂ ਸ੍ਰੀ ਰਾਮ, ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਸ਼ਿਵ ਕੁਮਾਰ ਕੁੰਦਰਾ ਨੇ ਜਟਾਊ, ਦਿਨੇਸ਼ ਹੱਲਣ ਨੇ ਵਸ਼ਿਸ਼ਟ, ਸੰਜੀਵ ਭੰਡਾਰੀ ਨੇ ਭਰਤ ਤੇ ਦਿਨੇਸ਼ ਕੁਮਾਰ ਨੇ ਸ਼ਤਰੂਘਨ ਦੀ ਭੂਮਿਕਾ ਨਿਭਾਈ। ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਰੋਸ਼ਨ ਨਾਲ ਟੇਢੇਵਾਲ, ਸਿੰਦਰਪਾਲ ਟੇਢੇਵਾਲ, ਨਵੀਨ ਵਸ਼ਿਸ਼ਟ, ਸੰਮਤੀ ਮੈਂਬਰ ਨਰੇਸ਼ ਕੁਮਾਰੀ, ਡਾਕਟਰ ਧਰਮਪਾਲ, ਗੋਪਾਲ ਕ੍ਰਿਸ਼ਨ, ਰਾਜੂ ਸੈਣੀ ਮਾਜਰਾ, ਨਰਿੰਦਰ ਬੱਗਾ, ਪਿੰਟੂ ਕਪੂਰ, ਸੋਨੂ ਦੀਵਾਨ, ਬੀਰੂ ਸ਼ਰਮਾ, ਸੂਰਜ ਸ਼ਰਮਾ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।