ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰਾ, ਪਰਾਲੀ, ਕੂੜਾ-ਕਰਕਟ ਸਾੜਨ ਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਲੋਕ: ਸੀਐਮਓ ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰਾ, ਪਰਾਲੀ, ਕੂੜਾ-ਕਰਕਟ ਸਾੜਨ ਅਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਲੋਕ: ਸੀਐਮਓ
Publish Date: Wed, 28 Oct 2026 05:26 PM (IST)
Updated Date: Wed, 28 Oct 2026 05:28 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਹਵਾ ਪ੍ਰਦੂਸ਼ਣ ਕਾਰਨ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਧਿਆਨ ’ਚ ਰੱਖਦਿਆਂ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਲੋਕਾਂ ਨੂੰ ਪਰਾਲੀ, ਕੂੜਾ-ਕਰਕਟ ਅਤੇ ਹੋਰ ਰਹਿੰਦ-ਖੂੰਹਦ ਸਾੜਨ ਦੇ ਨਾਲ-ਨਾਲ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਵਾ ’ਚ ਪ੍ਰਦੂਸ਼ਕ ਤੱਤਾਂ ਦੀ ਵਧਦੀ ਮਾਤਰਾ ਸਾਹ ਪ੍ਰਣਾਲੀ ਅਤੇ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਖੰਘ, ਸਾਹ ਲੈਣ ’ਚ ਤਕਲੀਫ਼, ਛਾਤੀ ’ਚ ਬੇਆਰਾਮੀ ਅਤੇ ਅੱਖਾਂ ’ਚ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਦਮੇ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਾਹਰੀ ਗਤੀਵਿਧੀਆਂ ਕਰਨ ਤੋਂ ਪਹਿਲਾਂ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੀ ਜਾਂਚ ਕਰਨੀ ਚਾਹੀਦੀ ਹੈ। ਹਵਾ ਦੀ ਗੁਣਵੱਤਾ ਖ਼ਰਾਬ ਹੋਣ ’ਤੇ ਸੈਰ, ਜੋਗਿੰਗ, ਦੌੜਨ ਅਤੇ ਭਾਰੀ ਕਸਰਤ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਖ਼ਾਸ ਤੌਰ ’ਤੇ ਵਧੇਰੇ ਆਵਾਜਾਈ ਵਾਲੀਆਂ ਸੜਕਾਂ ਅਤੇ ਪ੍ਰਦੂਸ਼ਣ ਦੇ ਸਰੋਤਾਂ ਨੇੜੇ ਕਸਰਤ ਕਰਨ ਜਾਂ ਲੰਮਾ ਸਮਾਂ ਬਿਤਾਉਣ ਤੋਂ ਬਚਿਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਜਦੋਂ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਹੋਵੇ ਤਾਂ ਬਾਹਰ ਜਾਣਾ ਸੀਮਤ ਕੀਤਾ ਜਾਵੇ। ਅਜਿਹੇ ਸਮੇਂ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੇ ਜਾਣ ਅਤੇ ਹਵਾ ਦੀ ਗੁਣਵੱਤਾ ਤੁਲਨਾਤਮਕ ਤੌਰ ’ਤੇ ਬਿਹਤਰ ਹੋਣ ’ਤੇ ਹੀ ਘਰਾਂ ’ਚ ਹਵਾਦਾਰੀ ਕੀਤੀ ਜਾਵੇ। ਜੇਕਰ ਪ੍ਰਦੂਸ਼ਣ ਦੇ ਉੱਚ ਪੱਧਰ ਦੌਰਾਨ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਐਨ-95 ਮਾਸਕ ਪਹਿਨਿਆ ਜਾ ਸਕਦਾ ਹੈ। ਘਰਾਂ ’ਚ ਲੋੜ ਅਨੁਸਾਰ ਏਅਰ ਪਿਊਰੀਫਾਇਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਪਰ ਇਹ ਉਪਾਅ ਪ੍ਰਦੂਸ਼ਣ ਦੇ ਸਰੋਤਾਂ ਤੋਂ ਬਚਣ ਦਾ ਬਦਲ ਨਹੀਂ ਹਨ। ਉਨ੍ਹਾਂ ਸਲਾਹ ਦਿੱਤੀ ਕਿ ਵਾਹਨ ਚਲਾਉਂਦੇ ਸਮੇਂ ਖਿੜਕੀਆਂ ਬੰਦ ਰੱਖੀਆਂ ਜਾਣ ਅਤੇ ਏਅਰ ਕੰਡੀਸ਼ਨਰ ਦਾ ਰੀ-ਸਰਕੂਲੇਸ਼ਨ ਮੋਡ ਵਰਤਿਆ ਜਾਵੇ, ਤਾਂ ਜੋ ਬਾਹਰਲੀ ਪ੍ਰਦੂਸ਼ਿਤ ਹਵਾ ਵਾਹਨ ਦੇ ਅੰਦਰ ਨਾ ਆਵੇ। ਜਿੱਥੇ ਸੰਭਵ ਹੋਵੇ, ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਨੂੰ ਤਰਜੀਹ ਦਿੱਤੀ ਜਾਵੇ। ਡਾ. ਵਿਵੇਕ ਕਟਾਰੀਆ ਨੇ ਕਿਹਾ ਕਿ ਦਮੇ, ਫੇਫੜਿਆਂ ਅਤੇ ਦਿਲ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਇਨ੍ਹਾਂ ਦਿਨਾਂ ’ਚ ਵਿਸ਼ੇਸ਼ ਸਾਵਧਾਨੀ ਵਰਤਣ। ਅਜਿਹੇ ਮਰੀਜ਼ ਬਾਹਰ ਜਾਣ ਸਮੇਂ ਆਪਣੀਆਂ ਲੋੜੀਂਦੀਆਂ ਦਵਾਈਆਂ ਨਾਲ ਰੱਖਣ ਅਤੇ ਸਿਹਤ ਸਬੰਧੀ ਲੱਛਣਾਂ ’ਤੇ ਨਜ਼ਰ ਰੱਖਣ। ਸਾਹ ਲੈਣ ’ਚ ਮੁਸ਼ਕਲ, ਲਗਾਤਾਰ ਖੰਘ, ਛਾਤੀ ’ਚ ਦਰਦ ਜਾਂ ਬੇਆਰਾਮੀ, ਚੱਕਰ ਆਉਣ ਜਾਂ ਅੱਖਾਂ ’ਚ ਵਧੇਰੇ ਜਲਣ ਹੋਣ ਦੀ ਸੂਰਤ ’ਚ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨ, ਲੋੜੀਂਦੀ ਮਾਤਰਾ ’ਚ ਪਾਣੀ ਪੀਣ ਅਤੇ ਸਿਗਰਟ, ਬੀੜੀ ਸਮੇਤ ਹੋਰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ। ਘਰਾਂ ਅੰਦਰ ਮੱਛਰ ਭਜਾਉਣ ਵਾਲੀਆਂ ਕੋਇਲਾਂ ਅਤੇ ਅਗਰਬੱਤੀਆਂ ਦੇ ਧੂੰਏਂ ਤੋਂ ਵੀ ਬਚਿਆ ਜਾਵੇ, ਕਿਉਂਕਿ ਇਹ ਵੀ ਹਵਾ ਦੀ ਗੁਣਵੱਤਾ ’ਤੇ ਮਾੜਾ ਅਸਰ ਪਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਸਾਫ਼ ਹਵਾ ਤੇ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਲਈ ਸਾਂਝੇ ਤੌਰ ’ਤੇ ਯਤਨ ਕਰਨ।