ਹਾਈ ਕੋਰਟ ਤੋਂ ਰਾਹਤ ਮਗਰੋਂ ਰੋਹਿਤ ਕਾਲੀਆ ਨੇ ਮੁੜ ਸੰਭਾਲੀ ਨੰਗਲ ਟਰੱਕ ਯੂਨੀਅਨ ਦੀ ਪ੍ਰਧਾਨਗੀ, ਕਿਹਾ- 'ਪਾਈ-ਪਾਈ ਦਾ ਲਵਾਂਗੇ ਹਿਸਾਬ'
ਨੰਗਲ ਟਰੱਕ ਯੂਨੀਅਨ ਵਿੱਚ ਚੱਲ ਰਹੇ ਗਬਨ ਦੇ ਮਾਮਲੇ ਅਤੇ ਕਮੇਟੀ ਦੀ ਮੁਅੱਤਲੀ ਤੋਂ ਬਾਅਦ ਇੱਕ ਵੱਡਾ ਮੋੜ ਆਇਆ ਹੈ। ਮਾਣਯੋਗ ਹਾਈਕੋਰਟ ਤੋਂ ਸਟੇਅ ਮਿਲਣ ਮਗਰੋਂ ਰੋਹਿਤ ਕਾਲੀਆ ਨੇ ਮੁੜ ਨੰਗਲ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਕੁਰਸੀ ਸੰਭਾਲ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 4 ਸਾਲਾਂ ਵਿੱਚ ਉਹਨਾਂ ਨੇ ਤੀਜੀ ਵਾਰ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ।
Publish Date: Sat, 03 Oct 2026 01:14 PM (IST)
Updated Date: Sat, 03 Oct 2026 01:15 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਟਰੱਕ ਯੂਨੀਅਨ ਵਿੱਚ ਚੱਲ ਰਹੇ ਗਬਨ ਦੇ ਮਾਮਲੇ ਅਤੇ ਕਮੇਟੀ ਦੀ ਮੁਅੱਤਲੀ ਤੋਂ ਬਾਅਦ ਇੱਕ ਵੱਡਾ ਮੋੜ ਆਇਆ ਹੈ। ਮਾਣਯੋਗ ਹਾਈਕੋਰਟ ਤੋਂ ਸਟੇਅ ਮਿਲਣ ਮਗਰੋਂ ਰੋਹਿਤ ਕਾਲੀਆ ਨੇ ਮੁੜ ਨੰਗਲ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਕੁਰਸੀ ਸੰਭਾਲ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 4 ਸਾਲਾਂ ਵਿੱਚ ਉਹਨਾਂ ਨੇ ਤੀਜੀ ਵਾਰ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰੋਹਿਤ ਕਾਲੀਆ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਵਿੱਚ ਚੱਲ ਰਹੀ ਗੜਬੜੀ ਅਤੇ ਗਬਨ ਦੀ ਜਾਂਚ ਉਹਨਾਂ ਦੀ ਕਮੇਟੀ ਨੇ ਹੀ ਸ਼ੁਰੂ ਕਰਵਾਈ ਸੀ। ਪ੍ਰਮਾਤਮਾ ਤੇ ਭਰੋਸਾ ਪ੍ਰਗਟਾਉਂਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਸੀ, ਪਰ ਜਾਂਚ ਦਾ ਨਤੀਜਾ ਉਹਨਾਂ ਨੂੰ ਹੀ ਭੁਗਤਣਾ ਪਿਆ ਅਤੇ ਉਹਨਾਂ ਨੂੰ ਹੀ ਮੁਅੱਤਲ ਕਰ ਦਿੱਤਾ ਗਿਆ। ਉਹਨਾਂ ਖੁਲਾਸਾ ਕੀਤਾ ਕਿ ਵਿਭਾਗ ਵੱਲੋਂ ਇੱਕ ਆਡਿਟ ਰਿਪੋਰਟ (11-11-2025) ਆਈ ਸੀ, ਜਿਸਦਾ ਜਵਾਬ ਦੇਣ ਲਈ ਕਮੇਟੀ ਨੂੰ 15 ਦਿਨਾਂ ਦਾ ਨੋਟਿਸ ਪੀਰੀਅਡ ਮਿਲਣਾ ਚਾਹੀਦਾ ਸੀ, ਪਰ ਉਹ ਰਿਪੋਰਟ ਉਹਨਾਂ ਨੂੰ ਰਿਸੀਵ ਹੀ ਨਹੀਂ ਕਰਵਾਈ ਗਈ। ਇਸੇ ਦੇ ਆਧਾਰ 'ਤੇ ਬਿਨਾਂ ਪੱਖ ਸੁਣੇ 29 ਜਨਵਰੀ 2026 ਨੂੰ ਸ਼ਾਮ ਕਰੀਬ 4:30 ਵਜੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ ਉਹਨਾਂ ਦੀ ਮੁਅੱਤਲੀ 'ਤੇ ਸਟੇਅ ਲਗਾ ਦਿੱਤੀ ਹੈ। ਅਦਾਲਤ ਵੱਲੋਂ 3 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਉਹਨਾਂ ਨੂੰ ਸੀਟ 'ਤੇ ਬਿਠਾਉਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ। ਜਿਸਦੀ ਪਾਲਣਾ ਕਰਦਿਆਂ ਏ.ਆਰ. ਸਾਹਿਬ ਵੱਲੋਂ ਤੁਰੰਤ ਲੈਟਰ ਭੇਜ ਕੇ ਉਹਨਾਂ ਨੂੰ ਅਹੁਦਾ ਸੌਂਪਿਆ ਗਿਆ। ਉਹਨਾਂ ਦੱਸਿਆ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ 6 ਤਰੀਕ ਨੂੰ ਰਜਿਸਟਰਾਰ ਸਾਹਿਬ ਨੂੰ ਹਾਈਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਕਾਨੂੰਨੀ ਲੜਾਈ ਨੂੰ ਨਿੱਜੀ ਰੂਪ ਦਿੱਤਾ, ਸਗੋਂ ਲੋਕਾਂ ਅਤੇ ਯੂਨੀਅਨ ਦੇ ਹਿੱਤਾਂ ਲਈ ਲੜਾਈ ਲੜੀ।
ਗਬਨ ਦੇ ਮਾਮਲੇ 'ਤੇ ਬੋਲਦਿਆਂ ਰੋਹਿਤ ਕਾਲੀਆ ਨੇ ਦੱਸਿਆ ਕਿ ਇਹ ਕੇਸ ਏ.ਆਰ. ਸਾਹਿਬ ਅਤੇ ਜੁਆਇੰਟ ਰਜਿਸਟਰਾਰ ਪਟਿਆਲਾ ਕੋਲ ਚੱਲ ਰਹੇ ਹਨ ਅਤੇ ਜਾਇਦਾਦ ਅਟੈਚ ਕਰਨ ਸਬੰਧੀ ਅਪੀਲ ਦੀ ਸੁਣਵਾਈ 13 ਤਰੀਕ ਨੂੰ ਹੈ। ਉਹਨਾਂ ਸਖਤ ਲਹਿਜੇ ਵਿੱਚ ਕਿਹਾ ਕਿ ਇਹ ਗਰੀਬ ਆਪਰੇਟਰਾਂ ਦਾ ਪੈਸਾ ਹੈ, ਜਿਸਨੇ ਵੀ ਗਬਨ ਕੀਤਾ ਹੈ, ਉਸ ਕੋਲੋਂ ਸੁਸਾਇਟੀ ਦੇ ਇੱਕ-ਇੱਕ ਪੈਸੇ ਦੀ ਭਰਪਾਈ ਕਰਵਾਈ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਉਹ ਯੂਨੀਅਨ ਦੇ ਪਹਿਲੇ ਪ੍ਰਧਾਨ ਹਨ ਜਿਹਨਾਂ ਨੇ ਆਪਣੇ ਸਵਾ ਤਿੰਨ ਸਾਲ ਦੇ ਕਾਰਜਕਾਲ ਵਿੱਚ ਯੂਨੀਅਨ ਦੇ 48 ਲੱਖ ਰੁਪਏ ਜੋੜੇ ਸਨ। ਜਿੱਥੇ ਵੀ ਪੰਪ ਜਾਂ ਹੋਰ ਜਗ੍ਹਾ ਗੜਬੜ ਹੋਈ ਹੈ, ਉਸਦੀ ਪੂਰੀ ਜਾਂਚ ਹੋਵੇਗੀ।
ਪ੍ਰਧਾਨ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿਛਲੇ 8 ਮਹੀਨਿਆਂ ਦੇ ਕਾਰਜਕਾਲ ਵਿੱਚ ਕਈ ਅਹਿਮ ਕੰਮ ਕੀਤੇ। ਪੀ.ਏ.ਸੀ.ਐਲ. ਦੇ ਚੱਲਦੇ 12 ਟਰਾਲਿਆਂ ਨੂੰ ਮੰਤਰੀ ਸਾਹਿਬ ਰਾਹੀਂ ਘਟਾ ਕੇ 6 ਕਰਵਾਇਆ ਗਿਆ, ਜਿਸ ਨਾਲ ਯੂਨੀਅਨ ਦਾ ਕੰਮ ਵਧਿਆ। ਇਸਤੋਂ ਇਲਾਵਾ ਐਨ.ਐਫ.ਐਲ. ਦੀ ਖਾਦ ਢੋਣ ਦੇ ਕੰਮ ਨੂੰ ਵੀ ਜਲਦ ਸੁਚਾਰੂ ਢੰਗ ਨਾਲ ਮੁੜ ਲੀਹ 'ਤੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਕਈ ਪਿੰਡਾਂ ਦੇ ਲੋਕਾਂ ਦਾ ਗੁਜ਼ਾਰਾ ਅਤੇ ਬੱਚਿਆਂ ਦੀ ਪੜ੍ਹਾਈ ਇਸੇ ਖਾਦ ਢੋਣ ਦੇ ਕੰਮ 'ਤੇ ਨਿਰਭਰ ਕਰਦੀ ਹੈ। ਖਾਦ ਢੋਣ ਵਾਲਿਆਂ ਨੂੰ ਪੀ ਏ ਸੀ ਐਲ ਦੇ ਐਡਵਾਂਸ ਚੱਕਰ ਵੀ ਮਿਲਦੇ ਹਨ, ਜਿਸਦਾ ਸਿਸਟਮ ਫਿਲਹਾਲ ਡਿਸਟਰਬ ਹੋਇਆ ਹੈ, ਪਰ ਇਸਨੂੰ ਜਲਦ ਠੀਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਸਰਕਾਰ ਨੇ ਉਹਨਾਂ ਦੀਆਂ ਪਾਸਿੰਗ (ਨੰਗਲ-ਰੂਪਨਗਰ) ਅਤੇ ਟੋਲ ਟੈਕਸ ਹਟਾਉਣ ਸਬੰਧੀ ਮੰਗਾਂ ਮੰਨੀਆਂ ਹਨ, ਜਿਸਦੀ ਉਹ ਸ਼ਲਾਘਾ ਕਰਦੇ ਹਨ।
ਯੂਨੀਅਨ ਦੇ ਪੈਟਰੋਲ ਪੰਪ ਤੋਂ ਟਰੱਕ ਆਪਰੇਟਰਾਂ ਨੂੰ ਉਧਾਰ ਤੇਲ ਨਾ ਮਿਲਣ ਦੇ ਸਵਾਲ 'ਤੇ ਉਹਨਾਂ ਸਪੱਸ਼ਟ ਕੀਤਾ ਕਿ ਜਦੋਂ ਉਹਨਾਂ ਨੇ ਪ੍ਰਧਾਨਗੀ ਸੰਭਾਲੀ ਸੀ ਤਾਂ ਮਹੀਨੇ ਦੇ ਸਿਰਫ 2-3 ਟੈਂਕਰ ਆਉਂਦੇ ਸਨ, ਪਰ ਉਹਨਾਂ ਦੀ ਕਮੇਟੀ ਨੇ ਇਸਨੂੰ ਵਧਾ ਕੇ 6 ਟੈਂਕਰਾਂ ਤੱਕ ਪਹੁੰਚਾਇਆ। ਇੱਥੋਂ ਤੱਕ ਕਿ ਸਤੰਬਰ 2024 ਵਿੱਚ ਪੰਪ ਦੇ ਮੁਨਾਫੇ ਵਿੱਚੋਂ 9 ਲੱਖ ਰੁਪਏ ਦੀ ਐਫ.ਡੀ. ਵੀ ਕਰਵਾਈ ਗਈ ਸੀ, ਜੋ ਕਿ ਪੰਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਉਹਨਾਂ ਦੱਸਿਆ ਕਿ ਨਵੇਂ ਪੁਲ ਕਾਰਨ ਸਾਰਾ ਟਰੈਫਿਕ ਅਤੇ ਗੱਡੀਆਂ ਪੰਪ ਵੱਲ ਆ ਗਈਆਂ ਹਨ, ਜਿਸ ਨਾਲ ਮੰਗ ਵਧੀ ਹੈ। ਪਰ ਯੂਨੀਅਨ ਕੋਲ ਇੰਨੀ ਵੱਡੀ ਰਕਮ ਨਹੀਂ ਹੈ ਕਿ ਉਹ ਕਰੋੜਾਂ ਰੁਪਏ ਦਾ ਤੇਲ ਸਭ ਨੂੰ ਉਧਾਰ ਦੇ ਸਕੇ ।
ਅੰਤ ਵਿੱਚ ਪ੍ਰਧਾਨ ਰੋਹਿਤ ਕਾਲੀਆ ਨੇ ਉਹਨਾਂ ਦਾ ਸਾਥ ਦੇਣ ਲਈ ਸ੍ਰੀ ਆਨੰਦਪੁਰ ਸਾਹਿਬ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਜੀਤਾ, ਐਮ.ਸੀ. ਇੰਦਰਜੀਤ ਅਰੋੜਾ, ਨੰਗਲ ਕੌਂਸਲ ਦੇ ਐਮ.ਸੀ. ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਟਰੱਕ ਡਰਾਈਵਰਾਂ ਅਤੇ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿਵਾਇਆ ਕਿ ਉਹ ਦਿਨ-ਦੁੱਗਣੀ ਰਾਤ-ਚੌਗੁਣੀ ਮਿਹਨਤ ਨਾਲ ਯੂਨੀਅਨ ਲਈ ਪਹਿਲਾਂ ਵਾਂਗ ਹੀ ਡਟ ਕੇ ਕੰਮ ਕਰਦੇ ਰਹਿਣਗੇ।