ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਯੂਪੀ ਸਰਕਾਰ ਨੂੰ ਲਿਖਿਆ ਪੱਤਰ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਯੂਪੀ ਸਰਕਾਰ ਨੂੰ ਲਿਖਿਆ ਪੱਤਰ
Publish Date: Mon, 23 Nov 2026 03:19 PM (IST)
Updated Date: Mon, 23 Nov 2026 03:22 PM (IST)
1984 ਦੰਗਾ ਪੀੜਤਾਂ ਦੇ ਮੁਆਵਜ਼ਾ ਕੇਸ ਸਬੰਧੀ 30 ਦਿਨਾਂ ’ਚ ਜਾਣਕਾਰੀ ਮੰਗੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਤੇ ਹੁਣ ਰੋਪੜ ’ਚ ਰਹਿ ਰਹੇ ਹਰਨਾਮ ਸਿੰਘ ਨੂੰ 42 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਬਣਦਾ ਮੁਆਵਜ਼ਾ ਨਹੀਂ ਮਿਲਿਆ। ਹੁਣ ਐਡਵੋਕੇਟ ਅਭਿਮਨਿਊ ਸਿੰਘ ਰਾਣਾ ਨੇ ਉਨ੍ਹਾਂ ਦਾ ਕੇਸ ਆਪਣੇ ਹੱਥ ’ਚ ਲਿਆ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਮਾਮਲੇ ਦੀ ਮੌਜੂਦਾ ਸਥਿਤੀ ਬਾਰੇ 30 ਦਿਨਾਂ ’ਚ ਜਾਣਕਾਰੀ ਮੰਗੀ ਹੈ ਤੇ ਮੁਆਵਜ਼ੇ ਦੇ ਜਲਦ ਨਿਪਟਾਰੇ ਦੀ ਬੇਨਤੀ ਕੀਤੀ ਹੈ। ਜਾਣਕਾਰੀ ਅਨੁਸਾਰ ਹਰਨਾਮ ਸਿੰਘ 1984 ’ਚ ਕਾਨਪੁਰ (ਉੱਤਰ ਪ੍ਰਦੇਸ਼) ਸਥਿਤ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ’ਚ ਬਤੌਰ ਫਿਟਰ ਨੌਕਰੀ ਕਰਦੇ ਸਨ। 2 ਨਵੰਬਰ 1984 ਨੂੰ ਦੰਗਿਆਂ ਦੌਰਾਨ ਦੰਗਾਕਾਰੀਆਂ ਨੇ ਉਨ੍ਹਾਂ ਦਾ ਘਰ ਲੁੱਟ ਲਿਆ ਤੇ ਬਾਕੀ ਸਾਮਾਨ ਨੂੰ ਅੱਗ ਲਾ ਦਿੱਤੀ। ਇਸ ਸਬੰਧੀ ਥਾਣਾ ਚਕੇਰੀ, ਕਾਨਪੁਰ ’ਚ ਰਿਪੋਰਟ ਦਰਜ ਹੋਈ, ਜਿਸ ’ਚ ਲੁੱਟੇ ਗਏ ਸਾਮਾਨ ਦੀ ਕੀਮਤ 48,118 ਦਰਜ ਕੀਤੀ ਗਈ। ਪਰ ਉਸ ਵੇਲੇ ਉਨ੍ਹਾਂ ਨੂੰ ਸਿਰਫ਼ 2,000 ਦੀ ਤੁਰੰਤ ਸਹਾਇਤਾ ਹੀ ਮਿਲੀ। 1985 ’ਚ ਪਰਿਵਾਰ ਕਾਨਪੁਰ ਛੱਡ ਕੇ ਰੋਪੜ ਆ ਵੱਸਿਆ। ਉਨ੍ਹਾਂ ਨੇ ਆਪਣੇ ਹੱਕ ਲਈ ਕਈ ਸਾਲ ਦਫ਼ਤਰਾਂ ਤੇ ਸਿਆਸਤਦਾਨਾਂ ਦੇ ਚੱਕਰ ਲਾਏ। 20 ਮਾਰਚ 2010 ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦਾ ਦਾਅਵਾ ਰੱਦ ਕਰ ਦਿੱਤਾ। ਇਸ ਤੋਂ ਬਾਅਦ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਫ਼ਰਿਆਦ ਕੀਤੀ ਗਈ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਜਾਰੀ ਕਰਕੇ ਮਾਮਲੇ ’ਚ ਕਾਰਵਾਈ ਲਈ ਕਿਹਾ ਪਰ ਅੱਜ ਤੱਕ ਇਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ 80 ਸਾਲ ਦੀ ਉਮਰ ’ਚ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਐਡਵੋਕੇਟ ਰਾਣਾ ਨੇ ਕਿਹਾ ਹਰਨਾਮ ਸਿੰਘ ਨਾਲ ਜੋ ਧੱਕਾ ਹੋਇਆ, ਉਸ ਦਾ ਇਨਸਾਫ਼ ਦਿਵਾਉਣ ਲਈ ਮੈਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹਾਂ। ਅਸੀਂ ਉੱਤਰ ਪ੍ਰਦੇਸ਼ ਸਰਕਾਰ ਤੋਂ 30 ਦਿਨਾਂ ’ਚ ਕੇਸ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਬਾਬਾ ਦੀ ਉਮਰ ਨੂੰ ਵੇਖਦਿਆਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਏਗੀ ਤੇ ਉਨ੍ਹਾਂ ਨੂੰ ਬਣਦਾ ਹੱਕ ਜਲਦ ਮਿਲੇਗਾ।