ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਸ਼ੁਰੂ, ਸਜਾਏ ਗਏ ਵਿਸ਼ੇਸ਼ ਦੀਵਾਨ; ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅੱਠਵੇਂ ਪਾਤਸ਼ਾਹ, "ਬਾਲਾ ਪ੍ਰੀਤਮ" ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ 9 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪੰਜ ਅਗਸਤ ਨੂੰ ਪਾਏ ਗਏ ਸਨ ਉਸ ਉਪਰੰਤ ਦੂਜੀ ਲੜੀ ਤਹਿਤ 11 ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਅੱਜ ਗੁਰਦੁਆਰਾ ਸੀਸ ਮਹਿਲ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ।
Publish Date: Fri, 07 Aug 2026 01:52 PM (IST)
Updated Date: Fri, 07 Aug 2026 01:54 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ - ਅੱਠਵੇਂ ਪਾਤਸ਼ਾਹ, "ਬਾਲਾ ਪ੍ਰੀਤਮ" ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ 9 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪੰਜ ਅਗਸਤ ਨੂੰ ਪਾਏ ਗਏ ਸਨ ਉਸ ਉਪਰੰਤ ਦੂਜੀ ਲੜੀ ਤਹਿਤ 11 ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਅੱਜ ਗੁਰਦੁਆਰਾ ਸੀਸ ਮਹਿਲ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ।
ਇਸ ਦੌਰਾਨ ਮਹਾਨ ਗੁਰਮਤੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਸ਼ਾਮ ਤਿੰਨ ਵਜੇ ਤੱਕ ਚੱਲਣਗੇ ਅਤੇ ਉਸ ਤੋਂ ਉਪਰੰਤ 7 ਵਜੇ ਸ਼ਾਮ ਧਾਰਮਿਕ ਸਮਾਗਮ ਦੌਰਾਨ ਪੰਥ ਦੇ ਮਹਾਨ ਕੀਰਤਨੀਏ ਕਥਾਵਾਚਕ ਰਾਗੀ ਢਾਡੀ ਦੇਰ ਰਾਤ 11 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਅਤੇ ਕਥਾ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਭਾਈ ਜਗਦੀਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਕੁਲਵਿੰਦਰ ਸਿੰਘ ਮਾਹਲ ਹਜੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਤਲਵਿੰਦਰ ਸਿੰਘ ਸਹਜਪੁਰ ਹਜੂਰੀ ਰਾਗੀ ਗੁਰਦੁਆਰਾ ਬੁਰਜ ਸਾਹਿਬ ਪਾਤਸ਼ਾਹੀ ਪੰਜਵੀਂ ਧਾਲੀਵਾਲ, ਭਾਈ ਸ਼ੇਰ ਸਿੰਘ ਕਥਾਵਾਚਕ ਸਮੇਤ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਉਣਗੇ।
ਇਸ ਪਾਵਨ ਮੌਕੇ 'ਤੇ ਵੱਡੀ ਗਿਣਤੀ ਵਿੱਚ ਗੁਰੂ ਪਿਆਰੀਆਂ ਸੰਗਤਾਂ ਅਤੇ ਕਾਰ ਸੇਵਾ ਵਾਲੇ ਮਹਾਪੁਰਖ ਹਾਜ਼ਰ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 1656 ਈਸਵੀ ਨੂੰ ਸ੍ਰੀ ਕੀਰਤਪੁਰ ਸਾਹਿਬ, ਮਾਤਾ ਕ੍ਰਿਸ਼ਨ ਕੌਰ ਜੀ (ਮਾਤਾ ਸੁਲੱਖਣੀ ਜੀ) ਅਤੇ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਘਰ ਹੋਇਆ। ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ "ਬਾਲਾ ਪ੍ਰੀਤਮ" ਵੀ ਕਿਹਾ ਜਾਂਦਾ ਹੈ ਕਿਉਂਕਿ ਆਪ ਸਿਰਫ਼ 5 ਸਾਲ ਦੀ ਛੋਟੀ ਉਮਰ ਵਿੱਚ 1661 ਈਸਵੀ ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਸਭ ਤੋਂ ਛੋਟੀ ਉਮਰ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਆਪ ਜੀ ਸਿੱਖ ਇਤਿਹਾਸ ਦੇ ਪਹਿਲੇ ਬਾਲ ਗੁਰੂ ਸਨ। ਮਨੁੱਖਤਾ ਦੀ ਸੇਵਾ ਲਈ ਆਪ ਜੀ ਨੇ ਦਿੱਲੀ ਯਾਤਰਾ ਦੌਰਾਨ ਚੇਚਕ ਅਤੇ ਹੈਜ਼ੇ ਦੀ ਬਿਮਾਰੀ ਨਾਲ ਪੀੜਤ ਲੋਕਾਂ ਦੀ ਭਲਾਈ ਅਤੇ ਸੇਵਾ ਕੀਤੀ।
1664 ਈਸਵੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਿੱਲੀ ਵਿਖੇ ਜੋਤੀ ਜੋਤਿ ਸਮਾ ਗਏ। ਇਸ ਪਾਵਨ ਪਵਿੱਤਰ ਦਿਹਾੜੇ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ਾਲ ਸ਼ੈਡ ਨੁਮਾ ਹਾਲ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਇਸ ਪਵਿੱਤਰ ਅਸਥਾਨ ਤੇ ਮੁਰੰਮਤ ਦੀ ਕਾਰ ਸੇਵਾ ਨਿਰੰਤਰ ਜਾਰੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਸੰਗਤਾਂ ਲਈ ਮਾਲ ਪੂੜੇ ਖੀਰ ਸਮੇਤ ਅੰਬਾਂ ਦਾ ਲੰਗਰ ਵੀ ਲਗਾਇਆ ਗਿਆ। ਲੰਗਰਾਂ ਦੀ ਸੇਵਾ ਦਿਨ ਰਾਤ ਚੱਲ ਰਹੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ, ਐਸਜੀਪੀਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਐਸਜੀਪੀਸੀ ਹਿਮਾਚਲ ਪ੍ਰਦੇਸ਼ ਦੇ ਮੈਂਬਰ ਦਲਜੀਤ ਸਿੰਘ ਭਿੰਡਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ, ਐਡਵੋਕੇਟ ਹਰਦੇਵ ਸਿੰਘ ਹੈਪੀ, ਗੁਰਦੁਆਰਾ ਪਤਾਲਪੁਰੀ ਸਾਹਿਬ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਬਾਬਾ ਗੁਰਦਿੱਤਾ ਜੀ ਮੈਨੇਜਰ ਸੁਖਬੀਰ ਸਿੰਘ, ਗੁਰਦੁਆਰਾ ਸ਼ੀਸ਼ ਮਹਿਲ ਹੈਡ ਗ੍ਰੰਥੀ ਭਾਈ ਜਰਨੈਲ ਸਿੰਘ ਸਮੇਤ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹੋਈਆਂ ਸੰਗਤਾਂ ਸਮੇਤ ਇਲਾਕੇ ਦੀ ਸੰਗਤ ਮੌਜੂਦ ਸੀ।