ਵਿਦਿਆਰਥੀ ਜੀਵਨ ’ਚ ਚੰਗੇ ਗੁਣ ਅਪਣਾ ਕੇ ਭਵਿੱਖ ਨੂੰ ਖੁਸ਼ਹਾਲ ਬਣਾਉਣ : ਪ੍ਰਿੰਸੀਪਲ ਵਿਦਿਆਰਥੀ ਜੀਵਨ ਵਿਚ ਚੰਗੇ ਗੁਣ ਅਪਣਾ ਕੇ ਭਵਿੱਖ ਨੂੰ ਖੁਸ਼ਹਾਲ ਬਨਾਉਣ : ਪ੍ਰਿੰਸੀਪਲ
Publish Date: Thu, 22 Oct 2026 06:28 PM (IST)
Updated Date: Thu, 22 Oct 2026 06:30 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜਿੰਮੀਦਾਰਾਂ ਵਿਖੇ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਦੁਸਹਿਰੇ ਦੇ ਮਹੱਤਵ ਅਤੇ ਜੀਵਨ ਵਿਚ ਚੰਗੇ ਗੁਣ ਅਪਣਾਉਣ ਦੀ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਿਮਰਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਦੁਸਹਿਰੇ ਦੇ ਮਹੱਤਵ ਨੂੰ ਸਮਝਾਉਂਦਿਆਂ ਦੱਸਿਆ ਕਿ ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਵਣ ਦੇ ਦਸ ਸਿਰ ਮਨੁੱਖ ਦੇ ਅੰਦਰ ਮੌਜੂਦ ਦਸ ਬੁਰਾਈਆਂ ਦੇ ਪ੍ਰਤੀਕ ਵਜੋਂ ਵੀ ਦੇਖੇ ਜਾ ਸਕਦੇ ਹਨ। ਸਾਨੂੰ ਆਪਣੇ ਜੀਵਨ ਵਿੱਚੋਂ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਕੇ ਉਨ੍ਹਾਂ ਦੀ ਥਾਂ ਚੰਗੇ ਗੁਣ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੰਕਾਰ, ਕ੍ਰੋਧ, ਲਾਲਚ, ਈਰਖਾ, ਝੂਠ, ਧੋਖਾ ਅਤੇ ਹੋਰ ਨਕਾਰਾਤਮਕ ਆਦਤਾਂ ਦਾ ਤਿਆਗ ਕਰਕੇ ਸੱਚਾਈ, ਨਿਮਰਤਾ, ਦਇਆ, ਪਿਆਰ, ਇਮਾਨਦਾਰੀ, ਸਹਿਯੋਗ ਅਤੇ ਸਦਭਾਵਨਾ ਵਰਗੇ ਗੁਣ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੇ ਸੌਂਹ ਚੁੱਕੀ ਕਿ ਉਹ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਤਿਆਗ ਕੇ ਚੰਗੇ ਗੁਣ ਅਪਣਾਉਣਗੇ ਅਤੇ ਇੱਕ ਚੰਗੇ, ਇਮਾਨਦਾਰ ਤੇ ਜ਼ਿੰਮੇਵਾਰ ਇਨਸਾਨ ਬਣਨ ਦਾ ਯਤਨ ਕਰਨਗੇ। ਉਨ੍ਹਾਂ ਨੇ ਇਹ ਵੀ ਪ੍ਰਣ ਲਿਆ ਕਿ ਉਹ ਸੱਚਾਈ, ਨਿਮਰਤਾ, ਦਇਆ, ਸਹਿਯੋਗ ਅਤੇ ਆਪਸੀ ਸਤਿਕਾਰ ਵਰਗੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਗੇ ਅਤੇ ਸਮਾਜ ਵਿਚ ਚੰਗਿਆਈ ਦਾ ਸੰਦੇਸ਼ ਫੈਲਾਉਣਗੇ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਉਨ੍ਹਾਂ ਨੇ ਉਤਸ਼ਾਹ ਨਾਲ ਭਾਗ ਲਿਆ। ਅੰਤ ਵਿਚ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸਿਰਫ਼ ਤਿਉਹਾਰ ਹੀ ਨਹੀਂ ਮਨਾਉਣੇ ਚਾਹੀਦੇ, ਸਗੋਂ ਉਨ੍ਹਾਂ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਵੀ ਅਪਣਾਉਣਾ ਚਾਹੀਦਾ ਹੈ।