ਅਦਾਕਾਰਾ ਜਨੀਤਾ ਨੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਦਾ ਦਿੱਤਾ ਹੋਕਾ ਅਦਾਕਾਰਾ ਜਨੀਤਾ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਠੱਲ੍ਣ ਲਈ ਕੱਪੜੇ ਦੇ ਥੈਲਿਆਂ ਦੀ ਵਰਤੋਂ ਦਾ ਦਿੱਤਾ ਹੋਕਾ
Publish Date: Wed, 28 Oct 2026 05:29 PM (IST)
Updated Date: Wed, 28 Oct 2026 05:31 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ: ਵਾਤਾਵਰਨ ਦੀ ਸੰਭਾਲ, ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਅਤੇ ਰਹਿੰਦ-ਖੂੰਹਦ ਨੂੰ ਲਾਭਦਾਇਕ ਵਸਤਾਂ ’ਚ ਬਦਲਣ ਦੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਫਿਲਮ ਅਦਾਕਾਰਾ ਜਨੀਤਾ ਡੋਡਾ ਵੱਲੋਂ ਸੰਚਾਲਿਤ ‘ਡੋਡਾ ਫਾਊਂਡੇਸ਼ਨ’ ਵੱਲੋਂ ਚਲਾਏ ਜਾ ਰਹੇ ‘ਗੋ ਗ੍ਰੀਨ’ ਪ੍ਰੋਗਰਾਮ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ ਰੂਪਨਗਰ ਵਿਖੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਪੁਰਾਣੇ ਅਤੇ ਬੇਕਾਰ ਕੱਪੜਿਆਂ ਤੋਂ ਮੁੜ ਵਰਤੋਂਯੋਗ ਥੈਲੇ ਬਣਾਉਣ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਹ ਪ੍ਰੋਗਰਾਮ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਨੂੰ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਾ ਸਮਰਥਨ ਪ੍ਰਾਪਤ ਹੈ। ਡੋਡਾ ਫਾਊਂਡੇਸ਼ਨ ਦੀ ਪ੍ਰਧਾਨ ਤੇ ਪ੍ਰਸਿੱਧ ਅਦਾਕਾਰਾ ਜਨੀਤਾ ਡੋਡਾ ਵੱਲੋਂ ਚਲਾਈ ਜਾ ਰਹੀ ਇਸ ਵਾਤਾਵਰਨ ਪੱਖੀ ਪਹਿਲ ਰਾਹੀਂ ਲੋਕਾਂ ਨੂੰ ਰੋਜ਼ਾਨਾ ਜੀਵਨ ’ਚ ਅਜਿਹੀਆਂ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਕੂੜੇ ਦੀ ਮਾਤਰਾ ਘਟਾਉਣ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ’ਚ ਮਦਦ ਮਿਲ ਸਕੇ। ਇਸ ਪ੍ਰੋਗਰਾਮ ਦੌਰਾਨ ਅਧਿਆਪਕਾਂ ਨੂੰ ਪੁਰਾਣੇ ਕੱਪੜਿਆਂ ਦੀ ਵਰਤੋਂ ਕਰਕੇ ਮਜ਼ਬੂਤ ਅਤੇ ਉਪਯੋਗੀ ਥੈਲੇ ਤਿਆਰ ਕਰਨ ਦੀ ਵਿਧੀ ਸਿਖਾਈ ਗਈ। ਇਸ ਗਤੀਵਿਧੀ ਰਾਹੀਂ ਇਹ ਸਮਝਾਇਆ ਗਿਆ ਕਿ ਜਿਨ੍ਹਾਂ ਕੱਪੜਿਆਂ ਨੂੰ ਅਸੀਂ ਅਕਸਰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਉਨ੍ਹਾਂ ਨੂੰ ਥੋੜ੍ਹੀ ਜਿਹੀ ਮਿਹਨਤ ਅਤੇ ਸਿਰਜਣਾਤਮਕ ਸੋਚ ਨਾਲ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਵਸਤਾਂ ’ਚ ਬਦਲਿਆ ਜਾ ਸਕਦਾ ਹੈ। ਇਸ ਮੌਕੇ ਸਰਕਾਰੀ ਪੋਲੀਟੈਕਨਿਕ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੀ ਅਗਵਾਈ ਅਤੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਵਾਤਾਵਰਨ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ, ਵਾਤਾਵਰਨ ਬਲਾਕ ਕੋਆਰਡੀਨੇਟਰ ਕੁਲਵੰਤ ਸਿੰਘ ਅਤੇ ਵਿਵੇਕ ਕੁਮਾਰ, ਡੋਡਾ ਫਾਊਂਡੇਸ਼ਨ ਦੀ ਫਾਊਂਡਰ ਟਰੱਸਟੀ ਜਸਵਿੰਦਰ ਡੋਡਾ, ਟਰੱਸਟੀ ਹਰਸ਼ਦੀਪ ਡੋਡਾ, ਐਮ.ਸੀ.ਐਮ. ਡੀ.ਏ.ਵੀ. ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਰਤੀ ਅਰੋੜਾ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਰੂਪਨਗਰ ਦੀ ਕੰਪਿਊਟਰ ਫੈਕਲਟੀ ਤੋਂ ਸਿਮਰਨ ਅਤੇ ਵਿਨੋਦ ਸ਼ਰਮਾ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਡਾ ਫਾਊਂਡੇਸ਼ਨ ਦੀ ਪ੍ਰਧਾਨ ਜਨੀਤਾ ਡੋਡਾ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਅੱਜ ਵਾਤਾਵਰਨ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਇਕ ਵਾਰ ਵਰਤੋਂ ਵਾਲੀਆਂ ਵਸਤਾਂ ਨਾਲੀਆਂ ਨੂੰ ਜਾਮ ਕਰਨ, ਮਿੱਟੀ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਅਤੇ ਜੀਵ-ਜੰਤੂਆਂ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਬੇਲੋੜੇ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਨਾ, ਖਰੀਦਦਾਰੀ ਸਮੇਂ ਆਪਣੇ ਨਾਲ ਕੱਪੜੇ ਦਾ ਥੈਲਾ ਲਿਜਾਣਾ ਅਤੇ ਪੁਰਾਣੀਆਂ ਵਸਤਾਂ ਨੂੰ ਸੁੱਟਣ ਦੀ ਬਜਾਏ ਦੁਬਾਰਾ ਵਰਤੋਂ ਵਿੱਚ ਲਿਆਉਣਾ ਸਮੇਂ ਦੀ ਅਹਿਮ ਲੋੜ ਹੈ। ਜਨੀਤਾ ਡੋਡਾ ਨੇ ਕਿਹਾ ਕਿ ਇਸ ਉਪਰਾਲੇ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਵਾਤਾਵਰਨ ਦੀ ਸੰਭਾਲ ਕਿਸੇ ਇੱਕ ਵਿਅਕਤੀ, ਸੰਸਥਾ ਜਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਨਾਗਰਿਕ ਦਾ ਸਾਂਝਾ ਫ਼ਰਜ਼ ਹੈ। ਜੇਕਰ ਹਰ ਘਰ ’ਚ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ, ਪੁਰਾਣੇ ਕੱਪੜਿਆਂ ਦੀ ਮੁੜ ਵਰਤੋਂ ਕੀਤੀ ਜਾਵੇ ਅਤੇ ਬੇਲੋੜੇ ਪਲਾਸਟਿਕ ਤੋਂ ਬਚਿਆ ਜਾਵੇ ਤਾਂ ਸਮੂਹਿਕ ਤੌਰ ’ਤੇ ਵਾਤਾਵਰਨ ਦੀ ਸੰਭਾਲ ਲਈ ਮਹੱਤਵਪੂਰਨ ਕਦਮ ਚੁੱਕਿਆ ਜਾ ਸਕਦਾ ਹੈ। ਅਜਿਹੀਆਂ ਗਤੀਵਿਧੀਆਂ ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਹਾਈ ਹੋ ਸਕਦੀਆਂ ਹਨ।