ਰਾਜਸਥਾਨ ਪੁਲਿਸ ਵੱਲੋਂ ਗੁਰੂ ਘਰ ਅੰਦਰ ਕੀਤੀ ਕਾਰਵਾਈ ਅਤਿ ਨਿੰਦਣਯੋਗ : ਬਾਬਾ ਬਲਬੀਰ ਸਿੰਘ ਰਾਜਸਥਾਨ ਪੁਲਿਸ ਵੱਲੋਂ ਗੁਰੂ ਘਰ ਅੰਦਰ ਕੀਤੀ ਕਾਰਵਾਈ ਅਤਿਨਿੰਦਣਯੋਗ: ਬਾਬਾ ਬਲਬੀਰ ਸਿੰਘ
Publish Date: Tue, 06 Oct 2026 04:05 PM (IST)
Updated Date: Tue, 06 Oct 2026 04:08 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਦਰ ਰਾਜਸਥਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ’ਚ ਦਾਖਲ ਹੋ ਕੇ ਗੁਰੂ ਘਰ ਦੀ ਹਦੂਦ ਅੰਦਰ ਕੀਤੀ ਗਈ ਤੋੜਭੰਨ ਨਾਲ ਗੁਰੂ ਘਰ ਦੇ ਅਦਬ-ਸਤਿਕਾਰ ਅਤੇ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਦੀ ਮਰਿਆਦਾ ਅਤੇ ਪਵਿੱਤਰਤਾ ਦਾ ਸਤਿਕਾਰ ਕਰਨਾ ਹਰੇਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਵੱਲੋਂ ਇਸ ਤਰ੍ਹਾਂ ਦਾਖਲ ਹੋ ਕੇ ਤੋੜਭੰਨ ਕਰਨਾ ਅਤਿਨਿੰਦਣਯੋਗ ਵਰਤਾਰਾ ਹੈ। ਇਸ ਘਟਨਾ ਦੌਰਾਨ ਸਥਾਨਕ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਉਨ੍ਹਾਂ ਨੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਜਾਂ ਪ੍ਰਸ਼ਾਸਨ ਨੂੰ ਕੋਈ ਕਾਨੂੰਨੀ ਮਸਲਾ ਸੀ ਤਾਂ ਉਸ ਦਾ ਹੱਲ ਕਾਨੂੰਨੀ ਚਾਰਾਜੋਈ ਰਾਹੀਂ ਕੀਤਾ ਜਾਣਾ ਚਾਹੀਦਾ ਸੀ। ਕਿਸੇ ਸਿੱਖ ਧਾਰਮਿਕ ਅਸਥਾਨ ਅੰਦਰ ਦਾਖਲ ਹੋ ਕੇ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਭਾਈ ਤੇਜਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਅਤੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਪੂਰੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਗੁਰੂ ਘਰ ਅੰਦਰ ਤੋੜਭੰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਭਾਈ ਤੇਜਿੰਦਰਪਾਲ ਸਿੰਘ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਆਗੂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਇਸ ਮਾਮਲੇ ’ਚ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।