ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੀ ਮਦਦ ਨਾਲ ਮੁੜ ਸਰਕਾਰ ਬਣਾਉਣਾ ਚਾਹੁੰਦੀ ਹੈ ਆਪ: ਚੰਨੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਮਦਦ ਨਾਲ ਮੁੜ ਸਰਕਾਰ ਬਣਾਉਣਾ ਚਾਹੁੰਦੀ ਹੈ ਆਪ: ਚੰਨੀ
Publish Date: Mon, 21 Sep 2026 06:53 PM (IST)
Updated Date: Mon, 21 Sep 2026 06:56 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ: ਆਮ ਆਦਮੀ ਪਾਰਟੀ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਮਦਦ ਨਾਲ ਪੰਜਾਬ ’ਚ ਮੁੜ ਸਰਕਾਰ ਬਣਾਉਣ ਦੇ ਯਤਨ ਕਰ ਰਹੀ ਹੈ। ਇਸੇ ਕਾਰਨ ਸੂਬੇ ’ਚੋਂ ਨਾ ਤਾਂ ਨਸ਼ਾ ਖ਼ਤਮ ਹੋ ਰਿਹਾ ਹੈ ਤੇ ਨਾ ਹੀ ਗੈਂਗਸਟਰਵਾਦ ’ਤੇ ਲਗਾਮ ਲੱਗ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸਿਰਫ਼ ਅਖ਼ਬਾਰਾਂ, ਟੀਵੀ ਤੇ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ, ਜਦਕਿ ਜ਼ਮੀਨੀ ਪੱਧਰ ’ਤੇ ਇਸ ਦੇ ਬਿਲਕੁਲ ਉਲਟ ਕੰਮ ਹੋ ਰਿਹਾ ਹੈ। ਨਸ਼ਾ ਤਸਕਰਾਂ ਨੂੰ ‘ਆਪ’ ਦੇ ਵਿਧਾਇਕਾਂ ਤੇ ਆਗੂਆਂ ਦੀ ਪੂਰੀ ਸਿਆਸੀ ਪੁਸ਼ਤਪਨਾਹੀ ਹਾਸਲ ਹੈ। ਇੱਥੋਂ ਤੱਕ ਕਿ ਗੈਂਗਸਟਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਬਣਾਉਣਾ ‘ਆਪ’ ਦੀ ਨੀਤੀ ਬਣ ਚੁੱਕੀ ਹੈ। ਉਨਾ ਕਿਹਾ ਕਿ ਗੁਰਪ੍ਰੀਤ ਸੇਖੋਂ ਵਰਗੇ ਚਰਚਿਤ ਚਿਹਰਿਆਂ ਨੂੰ ਨਾਲ ਜੋੜਨਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ, ਜੋ ਕਿ ਪੰਜਾਬ ਦੇ ਭਵਿੱਖ ਲਈ ਬੇਹੱਦ ਘਾਤਕ ਹੈ। ਸ੍ਰੀ ਅਨੰਦਪੁਰ ਸਾਹਿਬ ’ਚ ਬਾਹਰੋਂ ਆਈ ਇਕ ਔਰਤ ਨਾਲ ਹੋਏ ਲਗਾਤਾਰ ਬਲਾਤਕਾਰ ਦੇ ਮਾਮਲੇ ’ਤੇ ਬੋਲਦਿਆਂ ਚੰਨੀ ਨੇ ਇਸ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੀੜਤ ਮਹਿਲਾ ਕਈ ਦਿਨ ਪੁਲਿਸ ਕੋਲ ਚੱਕਰ ਕੱਟਦੀ ਰਹੀ ਪਰ ਕੋਈ ਸੁਣਵਾਈ ਨਹੀਂ ਹੋਈ। ਦਬਾਅ ਹੇਠ ਐੱਫਆਈਆਰ ਦਰਜ ਹੋਣ ਤੋਂ ਬਾਅਦ ਵੀ 25 ਦਿਨਾਂ ਤੱਕ ਇਸ ਨੂੰ ਜਨਤਕ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਇਸ ਪੂਰੇ ਘਟਨਾਕ੍ਰਮ ’ਤੇ ਜਨਤਕ ਤੌਰ ’ਤੇ ਜਵਾਬ ਦੇਣ ਤੇ ਪੀੜਤ ਔਰਤ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਯਾਤਰਾ ’ਤੇ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦ ਨਾਲ ਲੱਗਦਾ ਅਧਿਕਾਰ ਖੇਤਰ 5 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ, ਜਿੱਥੇ ਬੀਐੱਸਐੱਫ ਤੇ ਸੀਆਰਪੀਐੱਫ ਦਾ ਪੂਰਾ ਕੰਟਰੋਲ ਹੈ। ਅੱਧਾ ਪੰਜਾਬ ਕੇਂਦਰ ਦੇ ਘੇਰੇ ’ਚ ਆਉਣ ਦੇ ਬਾਵਜੂਦ ਸਰਹੱਦ ਪਾਰ ਤੋਂ ਨਸ਼ਾ ਕਿਵੇਂ ਆ ਰਿਹੈ? ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੋਵੇਂ ਹੀ ਕਟਹਿਰੇ ’ਚ ਖੜ੍ਹੇ ਹਨ। ਸਿਰਫ਼ ਗੱਡੀਆਂ ’ਚ ਯਾਤਰਾਵਾਂ ਕੱਢਣ ਨਾਲ ਨਸ਼ਾ ਖ਼ਤਮ ਨਹੀਂ ਹੋਵੇਗਾ, ਇਸ ਲਈ ਸਿਆਸੀ ਇੱਛਾ-ਸ਼ਕਤੀ ਤੇ ਠੋਸ ਨੀਤੀ ਦੀ ਲੋੜ ਹੈ। ਚੰਨੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਇਕ ਵਿਆਪਕ ਤੇ ਮਲਟੀਪਲ ਸਿਸਟਮ ’ਤੇ ਅਧਾਰਿਤ ਫਾਰਮੂਲਾ ਤਿਆਰ ਕੀਤਾ ਜਾਵੇਗਾ। ਜੇਕਰ ਸੂਬੇ ’ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪ੍ਰਸ਼ਾਸਨ, ਪੁਲਿਸ ਤੇ ਸਮਾਜ ਨੂੰ ਇੱਕਜੁੱਟ ਕਰਕੇ ਨਸ਼ੇ ਦੀ ਸਪਲਾਈ ਚੇਨ ਤੋੜੀ ਜਾਵੇਗੀ ਤੇ ਪੰਜਾਬ ਨੂੰ ਇਸ ਕੋੜ੍ਹ ਤੋਂ ਮੁਕਤ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਹਰਜੋਤ ਸਿੰਘ ਢੰਗਰਾਲੀ ਤੇ ਦਫ਼ਤਰ ਸਕੱਤਰ ਜਗਤਾਰ ਸਿੰਘ ਮੁੰਡੀਆ ਵੀ ਹਾਜ਼ਰ ਸਨ।