ਸ਼ੋਸ਼ਲ ਮੀਡੀਆ ਉੱਤੇ ਆਪ ਆਗੂ ਘੇਰ ਰਹੇ ਆਪਣਿਆਂ ਨੂੰ ਸ਼ੋਸ਼ਲ ਮੀਡੀਆ ਉੱਤੇ ਆਪ ਆਗੂ ਘੇਰ ਰਹੇ ਆਪਣਿਆਂ ਨੂੰ
Publish Date: Wed, 26 Aug 2026 06:12 PM (IST)
Updated Date: Wed, 26 Aug 2026 06:16 PM (IST)
ਸ਼ੋਸ਼ਲ ਮੀਡੀਆ ਉੱਤੇ ਆਪ ਆਗੂ ਘੇਰ ਰਹੇ ਆਪਣਿਆਂ ਨੂੰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਕੀਰਤਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਕਥਿਤ ਅੰਦਰੂਨੀ ਖਿੱਚੋਤਾਣ ਹੁਣ ਸ਼ੋਸ਼ਲ ਮੀਡੀਆ ’ਤੇ ਜੱਗ ਜ਼ਾਹਰ ਹੋਣ ਲੱਗੀ ਹੈ। ਪਾਰਟੀ ਨਾਲ ਜੁੜੇ ਕੁਝ ਆਗੂਆਂ ਵੱਲੋਂ ਸਥਾਨਕ ਪੱਧਰ ’ਤੇ ਨਗਰ ਪੰਚਾਇਤ ਦੇ ਕੰਮਕਾਜ ਨੂੰ ਅਤੇ ਨਵੀਆਂ ਅਹੁਦੇਦਾਰੀਆਂ ਨੂੰ ਲੈ ਕੇ ਸ਼ੋਸ਼ਲ ਮੀਡੀਆ ਉੱਤੇ ਸਵਾਲ ਚੁੱਕੇ ਜਾਣ ਅਤੇ ਤੰਜ ਕੱਸੇ ਜਾਣ ਕਾਰਨ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਇਸ ਦੇ ਚਲਦਿਆਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਇੱਕ ਆਗੂ ਵੱਲੋਂ ਕੀਰਤਪੁਰ ਸਾਹਿਬ ਦੀ ਨਗਰ ਪੰਚਾਇਤ ਦੇ ਕੰਮਕਾਜ ਨੂੰ ਲੈ ਕੇ ਵੀ ਸ਼ੋਸ਼ਲ ਮੀਡੀਆ ਉੱਤੇ ਸਵਾਲ ਚੁੱਕੇ ਗਏ ਹਨ। ਆਗੂ ਨੇ ਵਾਰਡ ਨੰਬਰ 4 ਵਿੱਚ ਬਾਬਾ ਸ੍ਰੀ ਚੰਦ ਗੁਰਦੁਆਰਾ ਸਾਹਿਬ ਨੇੜੇ ਡੰਗੇ ਅਤੇ ਨਾਲੀ ਦੇ ਨਿਰਮਾਣ ਲਈ ਲਗਾਏ ਠੇਕੇ ਦਾ ਮੁੱਦਾ ਉਠਾਇਆ ਹੈ। ਆਗੂ ਅਨੁਸਾਰ ਇਸ ਕੰਮ ਦਾ ਕੰਮ-ਹੁਕਮ ਜਾਰੀ ਹੋਏ ਲਗਭਗ ਢਾਈ ਸਾਲ ਬੀਤ ਚੁੱਕੇ ਹਨ, ਜਦਕਿ ਕੰਮ ਮੁਕੰਮਲ ਕਰਨ ਲਈ ਚਾਰ ਮਹੀਨਿਆਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਸੀ। ਉਨ੍ਹਾਂ ਸਵਾਲ ਕੀਤਾ ਕਿ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਨਾ ਹੋਣ ਦੇ ਬਾਵਜੂਦ ਠੇਕੇਦਾਰ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਜੇਕਰ ਕਿਸੇ ਵਿਅਕਤੀ ਦਾ ਕੰਮ ਰੁਕਵਾਉਣਾ ਹੋਵੇ ਤਾਂ ਨਗਰ ਪੰਚਾਇਤ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ, ਪਰ ਵਿਕਾਸ ਕਾਰਜਾਂ ਲਈ ਕਦੇ ਠੇਕੇਦਾਰ ਦੇ ਰੁੱਝੇ ਹੋਣ ’ਤੇ ਕਦੇ ਮਜ਼ਦੂਰ ਨਾ ਹੋਣ ਵਰਗੇ ਕਾਰਨ ਦੱਸੇ ਜਾਂਦੇ ਹਨ। ਉਨ੍ਹਾਂ ਪੁੱਛਿਆ ਕਿ ਲੰਬੇ ਸਮੇਂ ਤੋਂ ਲਟਕ ਰਹੇ ਕੰਮ ਨੂੰ ਮੁਕੰਮਲ ਕਰਵਾਉਣ ਲਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ‘ਆਪ’ ਆਗੂਆਂ ਵੱਲੋਂ ਆਪਣੀ ਹੀ ਪਾਰਟੀ ਦੀਆਂ ਨਿਯੁਕਤੀਆਂ ਅਤੇ ਨਗਰ ਪੰਚਾਇਤ ਦੇ ਕੰਮਕਾਜ ’ਤੇ ਸਵਾਲ ਉਠਾਏ ਜਾਣ ਤੋਂ ਬਾਅਦ ਸਥਾਨਕ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਵੀ ਕੁਝ ਵਰਕਰ ਅਤੇ ਆਗੂ ਖਫ਼ਾ ਦੱਸੇ ਜਾ ਰਹੇ ਹਨ। ਪਾਰਟੀ ਨਾਲ ਜੁੜੇ ਕੁਝ ਆਗੂਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਤੰਜ ਕੱਸਦੀਆਂ ਲਿਖਤਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪਾਰਟੀ ਦੇ ਕੁਝ ਪੁਰਾਣੇ ਵਰਕਰਾਂ ਅਤੇ ਆਗੂਆਂ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹੋਰ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਕੁਝ ਨਵੇਂ ਆਗੂਆਂ ਨੂੰ ਅਹੁਦੇ ਅਤੇ ਜ਼ਿੰਮੇਵਾਰੀਆਂ ਦਿੱਤੇ ਜਾਣ ਨੂੰ ਲੈ ਕੇ ਵੀ ਪੁਰਾਣੇ ਵਰਕਰਾਂ ਵਿੱਚ ਰੋਸ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਕਿਸੇ ਆਗੂ ਵੱਲੋਂ ਪਾਰਟੀ ਛੱਡਣ ਜਾਂ ਕੋਈ ਵੱਡਾ ਕਦਮ ਚੁੱਕਣ ਦਾ ਐਲਾਨ ਨਹੀਂ ਕੀਤਾ ਗਿਆ। ਕੁਝ ਸਿਆਸੀ ਆਗੂਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪਾਰਟੀ ਵੱਲੋਂ ਚੁਫੇਰਗੜੀਆਂ ਨੂੰ ਅੱਗੇ ਰੱਖਣ ਦੀ ਨੀਤੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਭਾਰੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਅਤੇ ਸਮਰਪਿਤ ਵਰਕਰਾਂ ਨੂੰ ਅਣਦੇਖਾ ਕਰਕੇ ਚੁਫੇਰਗੜੀਆਂ ਨੂੰ ਅਹਿਮ ਅਹੁਦੇ ਅਤੇ ਜ਼ਿੰਮੇਵਾਰੀਆਂ ਦੇਣ ਨਾਲ ਜ਼ਮੀਨੀ ਵਰਕਰਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਇਸ ਨਾਰਾਜ਼ਗੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਿਆਸੀ ਨੁਕਸਾਨ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ। ਕੈਪਸ਼ਨ : ਨਗਰ ਪੰਚਾਇਤ ਕੀਰਤਪੁਰ ਸਾਹਿਬ ਦਫਤਰ ਦੀ ਤਸਵੀਰ ਅਤੇ ਵਰਕ ਆਡਰ ਦੀ ਫੋਟੋ ।