- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜਖਮੀ ਮਾਮਲਾ ਦਰਜ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ -ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਸਥਿਤ ਪਿੰਡ ਸਰਹਾਣਾ ਨੇੜੇ ਇੱਕ ਸੜਕ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਵੱਲੋਂ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚਾਇਆ ਗਿਆ। ਜਿੱਥੋਂ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਜੀਐੱਮਸੀਐੱਚ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।
ਇਸ ਸਬੰਧੀ ਮਾਮਲੇ ਦੇ ਆਈਓ. ਏਐਸਆਈ ਸੁਭਾਸ ਚੰਦਰ ਨੇ ਦੱਸਿਆ ਕਿ ਹਾਦਸਾ ਮੋਟਰਸਾਈਕਲ ਨੰਬਰ ਪੀਬੀ 71 ਬੀ 4475 ਅਤੇ ਇੱਕ ਓਮਨੀ ਕਾਰ ਵਿਚਕਾਰ ਹੋਇਆ। ਇਸ ਮਾਮਲੇ ਨੂੰ ਲੈ ਕੇ ਜਖਮੀ ਮਨਵੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹਿਮਾਚਲ ਨੰਬਰ ਦੀ ਓਮਨੀ ਗੱਡੀ ਨੰਬਰ ਐਚਪੀ ਬੀ.ਜੀ. 4242 ਦੇ ਚਾਲਕ ਦੇ ਖਿਲਾਫ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ’ਤੇ ਪਹੁੰਚੇ ਮਨਵੀਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਮਨਵੀਰ ਸਿੰਘ ਅਤੇ ਉਸ ਦੇ ਬੇਟੇ ਦਾ ਦੋਸਤ ਜਪਨਾਮ ਸਿੰਘ ਬੀਤੀ ਰਾਤ ਮੋਰਿੰਡਾ ਗਏ ਸਨ। ਅੱਜ ਸਵੇਰੇ ਉਨਾਂ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਸੀ ਕਿ ਉਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਉਸ ਦੇ ਨਾਲ ਦੇ ਨੌਜਵਾਨ ਦੀ ਮੌਤ ਹੋ ਗਈ। ਉਧਰ ਮ੍ਰਿਤਕ ਜਪਨਾਮ ਸਿੰਘ ਦੇ ਪਿਤਾ ਜਸਵੰਤ ਸਿੰਘ (ਸ੍ਰੀ ਚਮਕੌਰ ਸਾਹਿਬ) ਨੇ ਦੱਸਿਆ ਕਿ ਉਸ ਦਾ ਬੇਟਾ ਜਪਨਾਮ ਸਿੰਘ ਬੀਤੀ ਰਾਤ ਮਨਵੀਰ ਸਿੰਘ ਨਾਲ ਆਇਆ ਸੀ ਅਤੇ ਰਾਤੀ ਕਰੀਬ 12 ਵਜੇ ਉਸਦਾ ਫੋਨ ਆਇਆ ਸੀ ਕਿ ਉਹ ਅੱਜ ਰਾਤ ਬਾਹਰ ਹੀ ਰਹਿਣਗੇ। ਪਰੰਤੂ ਸਵੇਰੇ ਪਤਾ ਲੱਗਾ ਕਿ ਹਾਦਸੇ ’ਚ ਉਸ ਦੀ ਮੌਤ ਹੋ ਗਈ। ਉਧਰ ਏਐੱਸਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਮਨਵੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਪਨਾਮ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਰੋਪੜ ਭੇਜ ਦਿੱਤੀ ਗਈ ਹੈ। ਜੋ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।