ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਕਾਲਜ ਰੂਪਨਗਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Publish Date: Wed, 18 Nov 2026 03:35 PM (IST)
Updated Date: Wed, 18 Nov 2026 03:36 PM (IST)
ਮਾਹਰ ਮਨੋਵਿਗਿਆਨੀ ਨੇ ਵਿਦਿਆਰਥੀਆਂ ਨੂੰ ਤਣਾਅ ਤੇ ਉਦਾਸੀ ਤੋਂ ਬਚਣ ਲਈ ਦਿੱਤੇ ਅਹਿਮ ਸੁਝਾਅ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਵੱਲੋਂ ਸਟੇਟ ਕੌਂਸਲ ਫਾਰ ਚਾਈਲਡ ਵੈਲਫੇਅਰ, ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਵਿਖੇ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਤੇ ਉਦਾਸੀ ਦੇ ਪ੍ਰਭਾਵਾਂ ਤੇ ਇਨ੍ਹਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ’ਚ ਸਕੱਤਰ, ਸਟੇਟ ਕੌਂਸਲ ਫਾਰ ਚਾਈਲਡ ਵੈਲਫੇਅਰ ਪੰਜਾਬ, ਚੰਡੀਗੜ੍ਹ ਪ੍ਰੀਤਮ ਸੰਧੂ, ਚੇਅਰਪਰਸਨ ਰੇਨਰੀਟਾ ਡੇਚਲਵਾਲ ਤੇ ਸਹਾਇਕ ਕਮਿਸ਼ਨਰ (ਜ) ਰੂਪਨਗਰ ਰਮਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਾਹਿਰ ਮਨੋਵਿਗਿਆਨੀ ਜੀਵਨ ਜੋਤੀ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਸੰਭਾਲ, ਤਣਾਅ ਨਾਲ ਨਜਿੱਠਣ ਤੇ ਉਦਾਸੀ ਤੋਂ ਬਚਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਮਾਨਸਿਕ ਤੇ ਭਾਵਨਾਤਮਕ ਸਮੱਸਿਆਵਾਂ ਨੂੰ ਸਮਝਣ, ਲੋੜ ਪੈਣ ’ਤੇ ਮਾਹਿਰਾਂ ਦੀ ਸਲਾਹ ਲੈਣ ਤੇ ਜੀਵਨ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾਉਣ ਲਈ ਪ੍ਰੇਰਿਤ ਕੀਤਾ। ਚੇਅਰਪਰਸਨ ਰੇਨਰੀਟਾ ਡੇਚਲਵਾਲ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਸਕਾਰਾਤਮਕ ਸੋਚ ਅਪਣਾਉਣ, ਆਪਸੀ ਸਹਿਯੋਗ ਤੇ ਮਿਲਵਰਤਣ ਦੀ ਭਾਵਨਾ ਨਾਲ ਅੱਗੇ ਵਧਣ ਤੇ ਸਿੱਖਿਆ ਸਮੇਤ ਜੀਵਨ ਦੇ ਹਰ ਖੇਤਰ ’ਚ ਮਿਹਨਤ ਤੇ ਲਗਨ ਨਾਲ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਸਹਾਇਕ ਕਮਿਸ਼ਨਰ (ਜ) ਰੂਪਨਗਰ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਮਹੱਤਤਾ ਸਮਝਣ, ਚੰਗੀ ਸਿਹਤ ਤੇ ਅਨੁਸ਼ਾਸਿਤ ਜੀਵਨਸ਼ੈਲੀ ਅਪਣਾਉਣ ਤੇ ਇੱਕ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਸੇਵਾ ਦੀ ਭਾਵਨਾ ਨਾਲ ਸਮਾਜ ਦੀ ਬਿਹਤਰੀ ’ਚ ਆਪਣਾ ਯੋਗਦਾਨ ਪਾਉਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ, ਸਟੇਟ ਬਾਲ ਭਲਾਈ ਅਫ਼ਸਰ, ਬਲਜਿੰਦਰ ਸਿੰਘ ਫੀਲਡ ਅਫ਼ਸਰ, ਅਨਿਲ ਕੁਮਾਰ, ਲੇਖਾ ਅਫ਼ਸਰ, ਗੁਨਰੀਤ ਕੌਰ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ, ਪ੍ਰੋਫੈਸਰ ਉਪਦੇਸ਼ਦੀਪ ਕੌਰ, ਗੁਰਸੋਹਣ ਸਿੰਘ, ਸਕੱਤਰ ਰੈੱਡ ਕਰਾਸ, ਪ੍ਰੋਫੈਸਰ ਜਗਜੀਤ ਸਿੰਘ ਤੇ ਰੈੱਡ ਕਰਾਸ ਦਾ ਸਮੂਹ ਸਟਾਫ਼ ਹਾਜ਼ਰ ਸੀ।