ਡਿਪਟੀ ਸਕੱਤਰ ਵੈਲਫੇਅਰ ਬੋਰਡ ਨਾਲ ਵਿਚਾਰ-ਵਟਾਂਦਰਾ ਭਲਕੇ ਡਿਪਟੀ ਸਕੱਤਰ ਵੈਲਫੇਅਰ ਬੋਰਡ ਨਾਲ 27 ਅਕਤੂਬਰ ਨੂੰ ਹੋਵੇਗੀ ਮੀਟਿੰਗ
Publish Date: Sun, 25 Oct 2026 03:35 PM (IST)
Updated Date: Sun, 25 Oct 2026 03:37 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਉਸਾਰੀ ਨਾਲ ਸਬੰਧਤ ਮਿਸਤਰੀਆਂ ਅਤੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਇਫਟੂ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਦੇ ਡਿਪਟੀ ਸਕੱਤਰ ਨਾਲ ਮਿਤੀ 27 ਅਕਤੂਬਰ ਨੂੰ ਮੀਟਿੰਗ ਹੋਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਉਸਾਰੀ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਬੋਰਡ ਦੀਆਂ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ, ਅਤੇ ਮਜ਼ਦੂਰਾਂ ਦੇ ਪੈਨਸ਼ਨ ਕੇਸ ਮੈਡੀਕਲ ਕਲੇਮ ਐੱਲਟੀਸੀ ਅਤੇ ਐਕਸਰੇਸ਼ੀਆ ਕੇਸਾ ਸਬੰਧੀ ਕਾਰਵਾਈ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਜਾਵੇਗਾ ਅਤੇ ਉਸਾਰੀ ਮਜ਼ਦੂਰਾਂ ਦੀ ਨਵੀਂ ਰਜਿਸਟ੍ਰੇਸ਼ਨ ਅਤੇ ਲੇਬਰ ਕਾਰਡਾਂ ਦੀ ਨਵੀਨੀਕਰਨ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਰਜਿਸਟ੍ਰੇਸ਼ਨ, ਪੈਨਸ਼ਨ, ਵਜ਼ੀਫ਼ਾ, ਮੈਡੀਕਲ ਸਹਾਇਤਾ ਤੇ ਹੋਰ ਵਿੱਤੀ ਸਹਾਇਤਾ ਨਾਲ ਸਬੰਧਤ ਲੰਬਿਤ ਕੇਸਾਂ ਦਾ ਜਲਦ ਨਿਪਟਾਰਾ ਕਰਨ ਲਈ ਸਮਾ ਸੀਮਾ ਤੈਅ ਕਰਨ ਤਾਂ ਜੋ ਮਜ਼ਦੂਰਾਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਦਫ਼ਤਰਾਂ ਦੇ ਵਾਰ-ਵਾਰ ਚੱਕਰ ਨਾ ਲਗਾਉਣੇ ਪੈਣ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਲੇਬਰ ਸੁਵਿਧਾ ਕੈਂਪ ਲਗਾਤਾਰ ਲਗਾਏ ਜਾਣ, ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ ਅਤੇ ਉਸਾਰੀ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫ਼ਿਆਂ ਸਮੇਤ ਹੋਰ ਬਣਦੇ ਲਾਭ ਸਮੇਂ ਸਿਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੇਬਰ ਚੌਕਾਂ ’ਚ ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਪਖਾਨਿਆਂ, ਬੈਠਣ ਲਈ ਬੈਂਚਾਂ, ਛਾਂਦਾਰ ਸ਼ੈੱਡਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਮੰਗ ਵੀ ਉਠਾਈ ਜਾਵੈਗੀ। ਆਗੂਆਂ ਨੇ ਕਿਹਾ ਕਿ ਉਸਾਰੀ ਮਜ਼ਦੂਰ ਆਪਣੀ ਮਿਹਨਤ ਨਾਲ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ, ਇਸ ਲਈ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।