ਨੌਜਵਾਨਾਂ ਨੂੰ ਸਮਾਜਿਕ ਭਲਾਈ ਨਾਲ ਜੋੜਣਾ ਸਮੇਂ ਦੀ ਲੋੜ : ਧੀਰਜ ਗਿਰੀ
ਮਹਾਂ ਸ਼ਿਵਰਾਤਰੀ ਮੌਕੇ ਪਿੰਡ ਸਰਥਲੀ ਦੇ ਸ਼ਿਵ ਮੰਦਿਰ ਵਿਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ
Publish Date: Sun, 15 Feb 2026 04:03 PM (IST)
Updated Date: Sun, 15 Feb 2026 04:06 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ, ਮਹਾਂ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਪਿੰਡ ਸਰਥਲੀ ਦੇ ਪ੍ਰਸਿੱਧ ਸ਼ਿਵ ਮੰਦਿਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਬੜੀ ਸ਼ਰਧਾ, ਉਤਸ਼ਾਹ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਜਜ਼ਬੇ ਨਾਲ ਆਯੋਜਿਤ ਕੀਤਾ ਗਿਆ। ਧਾਰਮਿਕ ਮਾਹੌਲ ਵਿਚ ਆਯੋਜਿਤ ਇਸ ਕੈਂਪ ਨੇ ਸੇਵਾ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ। ਇਹ ਖੂਨਦਾਨ ਕੈਂਪ ਪਿਛਲੇ 16 ਸਾਲਾਂ ਤੋਂ ਲਗਾਤਾਰ ਸਾਇੰਸ ਅਧਿਆਪਕ ਜਗਜੀਤ ਸਿੰਘ ਸਰਥਲੀ ਵੱਲੋਂ ਸ਼ਿਵਰਾਤਰੀ ਨੂੰ ਸਮਰਪਿਤ ਕਰਕੇ ਲਗਾਇਆ ਜਾ ਰਿਹਾ ਹੈ। ਇਸ ਸਾਲ ਵੀ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੀ ਵੱਡੀ ਭਾਗੀਦਾਰੀ ਨਾਲ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਮੰਦਰ ਦੇ ਗੱਦੀਨਸ਼ੀਨ ਮਹੰਤ ਧੀਰਜ ਗਿਰੀ ਦੀ ਅਗਵਾਈ ਹੇਠ ਇਹ ਕੈਂਪ ਬ੍ਰਹਮਲੀਨ ਮਹੰਤ ਮੋਹਨ ਗਿਰੀ ਦੀ ਯਾਦ ਵਿਚ ਸਮਰਪਿਤ ਕੀਤਾ ਗਿਆ। ਸਰਪੰਚ ਵਿਜੇ ਕੁਮਾਰ ਨੇ ਕਿਹਾ ਕਿ “ਖੂਨਦਾਨ ਮਹਾਂਦਾਨ ਹੈ। ਖੂਨ ਇੱਕ ਅਨਮੋਲ ਨੇਮਤ ਹੈ ਜੋ ਕਿਸੇ ਫੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ। ਹਰ ਤੰਦਰੁਸਤ ਵਿਅਕਤੀ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ।” ਮਹੰਤ ਧੀਰਜ ਗਿਰੀ ਜੀ ਮਹਾਰਾਜ ਨੇ ਇਲਾਕੇ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸੇਵਾ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਤਿਉਹਾਰਾਂ ਨੂੰ ਸਿਰਫ਼ ਰਸਮਾਂ ਤੱਕ ਸੀਮਿਤ ਨਾ ਰੱਖਦੇ ਹੋਏ ਨੌਜਵਾਨ ਪੀੜੀ ਨੂੰ ਸਮਾਜਿਕ ਭਲਾਈ ਨਾਲ ਜੋੜਣਾ ਸਮੇਂ ਦੀ ਲੋੜ ਹੈ। ਇਸ ਮੌਕੇ ‘ਤੇ ਅਵਤਾਰ ਸਿੰਘ ਤਾਰੀ, ਸੰਤ ਕੁਮਾਰ ਸਰਥਲੀ, ਸਰਪੰਚ ਵਿਜੇ ਕੁਮਾਰ, ਸਮੂਹ ਪੰਚਾਇਤ ਮੈਂਬਰ, ਸੇਵਾਦਾਸ, ਹਰਦੇਵ ਸਿੰਘ, ਗੁਰਨਾਮ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਰਹੇ। ਖੂਨ ਇਕੱਠਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਬਲੱਡ ਸੈਂਟਰ ਤੋਂ ਆਈ ਮੈਡੀਕਲ ਟੀਮ, ਜਿਸ ਵਿੱਚ ਰਾਣਾ ਬਖ਼ਤਾਵਰ ਸਿੰਘ (ਟੀਮ ਇੰਚਾਰਜ), ਅਨੀਤਾ ਸ਼ਰਮਾ, ਆਰਾਧਨਾ, ਮੋਨਿਕਾ ਚੇਤਲ (ਐਲ.ਟੀ.), ਜਗਦੀਪ ਸਿੰਘ ਅਤੇ ਮਹੇਸ਼ ਸ਼ਾਮਲ ਸਨ, ਵੱਲੋਂ ਪੂਰੀ ਸੁਰੱਖਿਆ ਅਤੇ ਮੈਡੀਕਲ ਮਾਪਦੰਡਾਂ ਅਧੀਨ ਖੂਨ ਇਕੱਠਾ ਕੀਤਾ ਗਿਆ। ਸਾਇੰਸ ਅਧਿਆਪਕ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕਾਲਜ ਸਮੇਂ ਤੋਂ ਹੀ ਇਸ ਸਮਾਜਿਕ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਹਰ ਸਾਲ ਵੱਡੇ ਪੱਧਰ ‘ਤੇ ਖੂਨਦਾਨ ਕੈਂਪ ਆਯੋਜਿਤ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਦੇ ਪਵਿੱਤਰ ਦਿਨ ‘ਤੇ ਖੂਨਦਾਨ ਕਰਨਾ ਸੱਚੀ ਸੇਵਾ ਦਾ ਪ੍ਰਤੀਕ ਹੈ, ਜੋ ਨੌਜਵਾਨਾਂ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕਰਦਾ ਹੈ। ਅੰਤ ਵਿਚ ਪਿੰਡ ਵਾਸੀਆਂ ਨੇ ਆਯੋਜਕਾਂ ਦੇ ਇਸ ਉੱਤਮ ਉਪਰਾਲੇ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਸੇਵਾ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ।