ਹਾਕ ਆਈ ਕ੍ਰਿਕਟ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਹਾਕ ਆਈ ਕ੍ਰਿਕਟ ਕਲੱਬ ਵੱਲੋਂ ਪਿੰਡ ਸ਼ਾਮਪੁਰਾ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
Publish Date: Mon, 16 Nov 2026 04:37 PM (IST)
Updated Date: Mon, 16 Nov 2026 04:39 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਸਮਾਜ ਸੇਵਾ ਦੇ ਖੇਤਰ ’ਚ ਇੱਕ ਸ਼ਲਾਘਾਯੋਗ ਪਹਿਲਕਦਮੀ ਕਰਦਿਆਂ ਹਾਕ ਆਈ ਕ੍ਰਿਕਟ ਕਲੱਬ ਵੱਲੋਂ ਪਿੰਡ ਸ਼ਾਮਪੁਰਾ ਵਿਖੇ ਆਪਣਾ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਨੇਕ ਕਾਰਜ ’ਚ ਇਲਾਕਾ ਨਿਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ, ਜਿਸ ਸਦਕਾ ਕੈਂਪ ਦੌਰਾਨ ਲਗਭਗ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਆਪ ਦੇ ਬਲਾਕ ਪ੍ਰਧਾਨ ਪਰਵਿੰਦਰ ਸਿੰਘ ਬਾਲਾ ਨੇ ਬਤੌਰ ਮੁੱਖ ਮਹਿਮਾਨ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ, ਜੋ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾ ਸਕਦਾ ਹੈ ਤੇ ਨੌਜਵਾਨਾਂ ਦਾ ਅਜਿਹੇ ਕਾਰਜਾਂ ’ਚ ਅੱਗੇ ਆਉਣਾ ਸਮਾਜ ਲਈ ਚੰਗਾ ਸੰਕੇਤ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਵਾਈਸ ਚੇਅਰਮੈਨ ਅਮਰੋ, ਸ਼ਾਮਪੁਰਾ ਦੇ ਪੰਚ ਪ੍ਰਗਟ ਸਿੰਘ ਲਾਡੀ ਤੇ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਯੂਥ ਵਾਈਸ ਪ੍ਰਧਾਨ (ਆਮ ਆਦਮੀ ਪਾਰਟੀ) ਸੰਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਤੇ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਕੈਂਪ ਨੂੰ ਸਫ਼ਲ ਬਣਾਉਣ ’ਚ ਕਲੱਬ ਦੇ ਪ੍ਰਧਾਨ ਵਿਰੇਂਦਰ ਸ਼ਰਮਾ, ਸਕੱਤਰ ਅਨਿਲ ਸ਼ਰਮਾ ਤੇ ਕਪਤਾਨ ਰੋਹਿਤ ਕੁਮਾਰ ਦੀ ਅਗਵਾਈ ਹੇਠ ਸਮੂਹ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਰਿਸ਼ਭ ਸ਼ਰਮਾ, ਰਜਵਿੰਦਰ ਰਾਜਾ, ਰਿਤਿਕ ਰਾਣਾ, ਨੂਰ, ਮੰਗਤ, ਸੁਖਵਿੰਦਰ ਸੁੱਖੀ, ਕਾਰਤਿਕ ਸ਼ੁਕਲਾ, ਰਿਸ਼ੂ ਕੁਮਾਰ, ਸਮੀਰਜੋਤ, ਕਰਿਸ਼ ਤੇ ਕਲੱਬ ਦੇ ਹੋਰ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਅੰਤ ’ਚ ਕਲੱਬ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਹਾਕ ਆਈ ਕ੍ਰਿਕਟ ਕਲੱਬ ਖੇਡਾਂ ਦੇ ਨਾਲ-ਨਾਲ ਭਵਿੱਖ ’ਚ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖੇਗਾ।