ਪੰਜਾਬ ਸਰਕਾਰ ਦਾ ਪਿੰਡਾਂ ਦੀਆਂ ਕੋਪਰੇਟਿਵ ਸੁਸਾਇਟੀਆਂ ’ਤੇ ਵੱਡਾ ਹਮਲਾ ਪੰਜਾਬ ਸਰਕਾਰ ਦਾ ਪਿੰਡਾਂ ਦੀਆਂ ਕੋਪਰੇਟਿਵ ਸੁਸਾਇਟੀਆਂ ’ਤੇ ਵੱਡਾ ਹਮਲਾ
Publish Date: Mon, 26 Oct 2026 04:16 PM (IST)
Updated Date: Mon, 26 Oct 2026 04:19 PM (IST)
ਸਰਕਾਰ ਆਪਣਾ ਫੈਸਲਾ ਤੁਰੰਤ ਵਾਪਸ ਲਵੇ : ਕਿਸਾਨ ਆਗੂ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਆਪਣਾ ਅਦਾਰਾ ਕੋਆਪਰੇਟਿਵ ਸੁਸਾਇਟੀਆਂ ਜੋ ਕਿਸਾਨਾਂ ਨੂੰ ਖਾਦ ਬੀਜ ਦਵਾਈਆਂ ਘੱਟ ਰੇਟਾਂ ’ਤੇ ਬਹੁਤ ਹੀ ਘੱਟ ਮੁਨਾਫ਼ਾ ਲੈ ਕੇ ਪ੍ਰਦਾਨ ਕਰ ਰਹੀਆਂ ਹਨ। ਸਰਕਾਰ ਵੱਲੋਂ ਚੱਲ ਰਹੇ ਇਹ ਸਿਸਟਮ ਨੂੰ ਬੰਦ ਕਰਨ ਦੇ ਲਈ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਕਰਜ਼ਾ ਹੱਦ ਨਾ ਵਧਾਈ ਜਾਵੇ। ਜੇਕਰ 2 ਲੱਖ ਤੋਂ ਉੱਪਰ ਕਰਜ਼ਾ ਹੱਦ ਵਧਾਉਣੀ ਹੈ ਤਾਂ 9% ਸ਼ੇਅਰ ਮਨੀ ਕਿਸਾਨਾਂ ਵੱਲੋਂ ਜਮਾ ਕਰਵਾਈ ਜਾਵੇ ਜੋ ਕਿ ਕਿਸਾਨਾਂ ਦੇ ਉੱਤੇ ਆਰਥਿਕ ਤੌਰ ’ਤੇ ਭਾਰੀ ਬੋਝ ਹੋਵੇਗਾ। ਸੁਸਾਇਟੀਆਂ ’ਚ ਕੰਮ ਕਰ ਰਹੇ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੋ ਕਿਸਾਨ ਸਹੀ ਸਮੇਂ ਸਿਰ ਕਰਜ਼ਾ ਮੋੜ ਦਿੰਦੇ ਸਨ, ਉਨ੍ਹਾਂ ਨੂੰ ਜੋ ਵਿਆਜ ਉਤੇ 3% ਵਾਪਸੀ ਮਿਲਦੀ ਸੀ, ਉਸ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਅਤੇ ਕਰਜ਼ਾ ਹੱਦ ਵਧਾਉਣ ਦੇ ਲਈ ਕਿਸਾਨਾਂ ਨੂੰ ਬੈਂਕਾਂ ਦੀ ਤਰ੍ਹਾਂ ਆਪਣੀ ਜਮੀਨ ਆੜ ਰਹਿਣ ਕਰਵਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਹ ਕਰਨ ਦੇ ਨਾਲ ਕਿਸਾਨਾਂ ਉੱਤੇ ਭਾਰੀ ਆਰਥਿਕ ਬੋਝ ਪਵੇਗਾ ਅਤੇ ਦਫਤਰਾਂ ਦੀ ਖੱਜਲ ਖ਼ੁਆਰੀ ਵੱਖਰੀ ਹੋਵੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਨਾਦਰਸ਼ਾਹੀ ਫਰਮਾਨ ਤੁਰੰਤ ਵਾਪਸ ਲਿਆ ਜਾਵੇ ਪਿੰਡਾਂ ਦੀਆਂ ਕੋਪਰੇਟਿਵ ਸੁਸਾਇਟੀ ਦਾ ਸਿਸਟਮ ਜਿਵੇਂ ਪਹਿਲਾਂ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸੇ ਪ੍ਰਕਾਰ ਚੱਲਦਾ ਰਹਿਣਾ ਚਾਹੀਦਾ ਹੈ। ਕੋਆਪਰੇਟਿਵ ਸੁਸਾਇਟੀ ਦਾ ਸਾਰਾ ਹੀ ਸਿਸਟਮ ਕਮਰਸ਼ੀਅਲ ਬੈਂਕਾਂ ਦੇ ਅਧੀਨ ਕੀਤਾ ਜਾ ਰਿਹਾ ਹੈ। ਜਿੱਥੇ ਸੁਸਾਇਟੀ ’ਚ ਕੰਮ ਕਰਦੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਿਆ ਜਾਵੇਗਾ ਉੱਥੇ ਹੀ ਕਿਸਾਨਾਂ ਨੂੰ ਖੱਜਲ ਖ਼ੁਆਰੀ ਵੀ ਵਧੇਗੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਨਰਲ ਸਕੱਤਰ ਜੈਮਲ ਸਿੰਘ ਭੜੀ, ਮਾਸਟਰ ਪਰਮਿੰਦਰ ਸਿੰਘ ਬੇਲਾ, ਸੁਰਜੀਤ ਸਿੰਘ ਚਹਿੜ ਮਜਾਰਾ, ਫੌਜੀ ਅਵਤਾਰ ਸਿੰਘ ਬੇਲਾ, ਸੰਤ ਸਿੰਘ ਹਜਾਰਾ, ਨੰਬਰਦਾਰ ਮਨਜੀਤ ਸਿੰਘ, ਬਲਵੀਰ ਸਿੰਘ ਬੜਾ ਪਿੰਡ, ਮਹੰਤ ਪ੍ਰੀਤਮ ਸਿੰਘ ਮਜ਼ਾਰਾਂ ,ਮਹਿੰਦਰ ਸਿੰਘ ਬੂੰਗਾ ਸਾਹਿਬ, ਢਾਡੀ ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।