ਮਸ਼ਾਲ ਯਾਤਰਾ ਦਾ ਰੂਪਨਗਰ ਵਿਖੇ ਸ਼ਾਨਦਾਰ ਸਵਾਗਤ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਮਸ਼ਾਲ ਯਾਤਰਾ ਦਾ ਰੂਪਨਗਰ ਵਿਖੇ ਸ਼ਾਨਦਾਰ ਸਵਾਗਤ
Publish Date: Wed, 19 Aug 2026 07:47 PM (IST)
Updated Date: Wed, 19 Aug 2026 07:51 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਪਹੁੰਚੀ ਮਸ਼ਾਲ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਐੱਸਐੱਸਪੀ ਮਨਿੰਦਰ ਸਿੰਘ ਨੇ ਮਸ਼ਾਲ ਯਾਤਰਾ ਨੂੰ ਸ਼ਹਿਰ ਵਿਚ ਘੁਮਾਉਣ ਲਈ ਰਵਾਨਾ ਕਰਨ ਸਮੇਂ ਹਾਜ਼ਰੀ ਭਰੀ।ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਦਹਾਕਿਆਂ ਤੋਂ ਖੇਡ ਮੈਦਾਨਾਂ ਵਿਚੋਂ ਗਾਇਬ ਹੋਈ ਰੌਣਕ ਨੂੰ ਸੂਬੇ ਦੀ ਆਪ ਸਰਕਾਰ ਨੇ ਮੁੜ ਲਿਆਉਣ ਲਈ ਯਤਨ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਹਰੇਕ ਸਾਲ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਖਿਡਾਰੀਆਂ ਨੂੰ ਆਪੋ-ਆਪਣੀਆਂ ਖੇਡਾਂ ਰਾਹੀਂ ਖੇਡ ਮੈਦਾਨਾਂ ਵਿਚ ਜੌਹਰ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿਵਾਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿਚ 30 ਤੋਂ ਵੱਧ ਖੇਡ ਮੈਦਾਨ ਵਧੀਆ ਉਸਾਰੇ ਜਾ ਰਹੇ ਹਨ ਤਾਂ ਕਿ ਖਾਸ ਕਰ ਪਿੰਡਾਂ ਵਿਚ ਰਹਿ ਰਹੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਮੌਕੇ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਨਹਿਰੂ ਸਟੇਡੀਅਮ ਤੋਂ ਮਸ਼ਾਲ ਯਾਤਰਾ ਅੰਤਰਰਾਸ਼ਟਰੀ ਖਿਡਾਰੀਆਂ ਦੇ ਹੱਥਾਂ ਵਿਚ ਸੌਂਪ ਕੇ ਸਥਾਨਕ ਬੇਲਾ ਚੌਂਕ ਤੱਕ ਯਾਤਰਾ ਕੱਢੀ ਗਈ, ਜਿਸ ਦਾ ਸ਼ਹਿਰਵਾਸੀਆਂ ਨੇ ਵੀ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਇਹ ਮਸ਼ਾਲ ਯਾਤਰਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਲਈ ਰੂਪਨਗਰ ਬਾਈਪਾਸ ਨੇੜੇ ਸਤਲੁੱਜ ਦਰਿਆ ਤੋਂ ਅਗਲੇ ਪੜਾਅ ਲਈ ਰਵਾਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਬਲਾਕ ਪੱਧਰੀ ਟੂਰਨਾਮੈਂਟ ਸਤੰਬਰ 2026 ਤੋਂ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਅਥਲੈਟਿਕਸ, ਫੁਟਬਾਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਖੋ-ਖੋ, ਕਬੱਡੀ ਸਰਕਲ ਸਟਾਈਲ ਅਤੇ ਕਬੱਡੀ ਨੈਸ਼ਨਲ ਸਟਾਈਲ ਸਮੇਤ ਵੱਖ-ਵੱਖ ਖੇਡਾਂ ਕਰਵਾਈਆਂ ਜਾਣਗੀਆਂ। ਮੁਕਾਬਲੇ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਉਮਰ ਵਰਗਾਂ—ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ—ਵਿੱਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਪੰਜਾਬ ਸਰਕਾਰ ਦੇ ਖੇਡ ਪੋਰਟਲ sports.punjab.gov.in/login ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਏਡੀਸੀ ਚੰਦਰਜਯੋਤੀ ਸਿੰਘ, ਐੱਸਡੀਐੱਮ ਜਸਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੇਤਨ ਕਾਲੀਆ ਅਤੇ ਹੋਰ ਆਪ ਆਗੂਆਂ ਤੇ ਖੇਡ ਵਿਭਾਗ ਦੇ ਕੋਚ ਸਾਹਿਬਾਨ ਹਾਜ਼ਰ ਸਨ।