ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਵਿਸ਼ਾਲ ਮੈਰਾਥਨ : ਵਿਧਾਇਕ ਚੱਢਾ ਰੂਪਨਗਰ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਵਿਸ਼ਾਲ
Publish Date: Sat, 29 Aug 2026 05:17 PM (IST)
Updated Date: Sat, 29 Aug 2026 05:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ 6 ਸਤੰਬਰ ਨੂੰ ਵਿਸ਼ਾਲ ਮੈਰਾਥਨ ਦੌੜ ਕਰਵਾਈ ਜਾਵੇਗੀ। ਇਹ ਜਾਣਕਾਰੀ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਆਪ ਦੇ ਅਹੁੱਦੇਦਾਰਾਂ ਅਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮੈਰਾਥਨ ਦੀ ਸ਼ੁਰੂਆਤ 6 ਸਤੰਬਰ ਨੂੰ ਸਵੇਰੇ ਅੰਬੇਡਕਰ ਭਵਨ ਰੂਪਨਗਰ ਤੋਂ ਕੀਤੀ ਜਾਵੇਗੀ ਜੋ ਕਿ ਕਮੇਟੀ ਦਫ਼ਤਰ, ਕਾਲਜ ਰੋਡ ਅਤੇ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਤੋਂ ਹੁੰਦੇ ਹੋਏ ਮੁੜ ਅੰਬੇਡਕਰ ਭਵਨ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਵਿਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਲਈ ਮੈਡਲ, ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਤਹਿਤ ਨਹਿਰੂ ਸਟੇਡੀਅਮ ਵਿਖੇ ਵਿਸ਼ਾਲ ਕੀਰਤਨ ਦਰਬਾਰ ਵੀ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਸਕਰੀਨ ਬੱਸ ਚਲਾਈ ਜਾ ਰਹੀ ਹੈ ਜੋ ਕਿ ਰੋਜ਼ਾਨਾ ਹਲਕੇ ਦੇ 3 ਪਿੰਡਾਂ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਸ਼ੋਅ ਦਿਖਾ ਰਹੀ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਰੂਪਨਗਰ ਵਿਖੇ ਇਕ ਵਿਸ਼ਾਲ ਅਤੇ ਆਕਰਸ਼ਕ ਡਰੋਨ ਸ਼ੋਅ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿਚ ਗੁਰੂ ਸਾਹਿਬ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਨਾਮ ’ਤੇ ਬਗੀਚੇ ਵੀ ਵਿਕਸਤ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਪਰਮਿੰਦਰ ਸਿੰਘ ਪਿੰਕੀ ਪੁਰਖਾਲੀ, ਪਰਵਿੰਦਰ ਭੀਮ, ਕੇਵਲ ਕ੍ਰਿਸ਼ਨ ਹੈੱਪੀ, ਸੱਤਾ ਨੋਧੇਮਾਜਰਾ, ਅਮਨਦੀਪ ਸਿੰਘ, ਗੋਲਡੀ ਪੁਰਖਾਲੀ, ਸ਼ਿਵ ਕੁਮਾਰ ਸੈਣੀ, ਬਲਵੀਰ ਟੇਢੇਵਾਲ ਸਮੇਤ ਪਾਰਟੀ ਦੇ ਹੋਰ ਅਹੁੱਦੇਦਾਰ ਅਤੇ ਵਲੰਟੀਅਰ ਹਾਜ਼ਰ ਸਨ।