- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਆਈ ਵਿਚ ਸੂਝ-ਬੂਝ ਦੇ ਮੁਲਾਂਕਣ ਲਈ ਰੂਪਰੇਖਾ ਵੀ ਪੇਸ਼ ਬੁੱਧੀਮਤਾ ਦੇ ਨਾਲ ਸਹੀ ਫੈਸਲੇ ਲੈਣ ਦੀ ਸਮਰੱਥਾ 'ਤੇ ਜ਼ੋਰ

ਕਰਾਸਰ....ਏਆਈ ਪ੍ਰਣਾਲੀਆਂ ਦਾ ਮੁਲਾਂਕਣ ਸਿਰਫ਼ ਉਨ੍ਹਾਂ ਦੀ ਬੌਧਿਕ ਸਮਰੱਥਾ ਤੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਹੀ ਨਹੀਂ, ਸਗੋਂ ਸਹੀ ਫੈਸਲੇ ਲੈਣ ਤੇ ਜ਼ਿੰਮੇਵਾਰ ਮਾਰਗਦਰਸ਼ਨ ਦੇਣ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ’ਤੇ ਵੀ ਕੀਤਾ ਜਾਣਾ ਜ਼ਰੂਰੀ
ਬਾਟਮ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਆਈਆਈਟੀ ਰੋਪੜ ਵਿਖੇ ਸੋਮਵਾਰ ਨੂੰ ਕਰਵਾਏ ਗਏ ‘ਸ਼ੇਪਿੰਗ ਦ ਏਆਈ ਮਾਈਂਡ’ ਪ੍ਰੋਗਰਾਮ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ’ਚ ਸੂਝ-ਬੂਝ ਨੂੰ ਪਰਿਭਾਸ਼ਿਤ ਕਰਨ, ਮਾਪਣ ਤੇ ਪਰਖਣ ਲਈ ਇੱਕ ਰੂਪਰੇਖਾ ਪੇਸ਼ ਕਰਨ ਵਾਲਾ ਵਾਈਟ ਪੇਪਰ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਰਿਸਰਚ ਤੇ ਗਲੋਬਲ ਮੈਂਟਲ ਹੈਲਥ ਅਲਾਇੰਸ – ਕੰਪੈਸ਼ਨ ਯੂਨਾਈਟਸ ਦੇ ਸੰਸਥਾਪਕ ਡਾ. ਈਸ਼ਾਨ ਸ਼ਿਵਾਨੰਦ ਨੇ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਦੀ ਮੌਜੂਦਗੀ ’ਚ ਜਾਰੀ ਕੀਤਾ ਗਿਆ।
‘ਬਿਓਂਡ ਇੰਟੈਲੀਜੈਂਸ: ਡਿਫਾਈਨਿੰਗ ਐਂਡ ਮੇਜ਼ਰਿੰਗ ਵਿਜ਼ਡਮ ਫਾਰ ਏਆਈ’ ਸਿਰਲੇਖ ਵਾਲਾ ਇਹ ਵਾਈਟ ਪੇਪਰ ਦੱਸਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ’ਚ ਸੂਝ-ਬੂਝ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ, ਮਾਪਿਆ ਤੇ ਪਰਖਿਆ ਜਾ ਸਕਦਾ ਹੈ। ਡਾ. ਸ਼ਿਵਾਨੰਦ ਵੱਲੋਂ ਸ਼ਿਵ ਸੂਤਰਾਂ ਦੀ ਕੀਤੀ ਗਈ ਵਿਆਖਿਆ ਤੇ ਮਨ ਨਾਲ ਸਬੰਧਤ ਭਾਰਤ ਦੇ ਪ੍ਰਾਚੀਨ ਸ਼ਾਸਤਰੀ ਗ੍ਰੰਥਾਂ ਦੇ ਸਿਧਾਂਤਾਂ ਨੂੰ ਆਧਾਰ ਬਣਾਇਆ ਗਿਆ ਹੈ।
ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਸ਼ਿਵਾਨੰਦ ਨੇ ਕਿਹਾ ਕਿ ਏਆਈ ਪ੍ਰਣਾਲੀਆਂ ਦਾ ਮੁਲਾਂਕਣ ਸਿਰਫ਼ ਉਨ੍ਹਾਂ ਦੀ ਬੌਧਿਕ ਸਮਰੱਥਾ ਤੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਹੀ ਨਹੀਂ, ਸਗੋਂ ਸਹੀ ਫੈਸਲੇ ਲੈਣ ਤੇ ਜ਼ਿੰਮੇਵਾਰ ਮਾਰਗਦਰਸ਼ਨ ਦੇਣ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ’ਤੇ ਵੀ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਏਆਈ ਪ੍ਰਣਾਲੀਆਂ ਅੱਜ ਪੇਸ਼ੇਵਰ ਪ੍ਰੀਖਿਆਵਾਂ ਪਾਸ ਕਰਨ ਤੇ ਭਾਵਨਾਤਮਕ ਬੁੱਧੀ ਨਾਲ ਸਬੰਧਤ ਟੈਸਟਾਂ ’ਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ, ਪਰ ਕਈ ਵਾਰ ਇਹ ਵਰਤੋਂਕਾਰਾਂ ਨੂੰ ਉਹੀ ਦੱਸਦੀਆਂ ਹਨ ਜੋ ਉਹ ਸੁਣਨਾ ਚਾਹੁੰਦੇ ਹਨ, ਨਾ ਕਿ ਉਹ ਜੋ ਅਸਲ ’ਚ ਉਨ੍ਹਾਂ ਦੇ ਹਿੱਤ ’ਚ ਹੁੰਦਾ ਹੈ।
ਸਾਇੰਸ ਜਰਨਲ ’ਚ ਇਸ ਸਾਲ ਪ੍ਰਕਾਸ਼ਿਤ ਇੱਕ ਅਧਿਐਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜੀਵਨ ਨਾਲ ਸਬੰਧਤ ਸਲਾਹ ਮੰਗਣ ’ਤੇ ਪ੍ਰਮੁੱਖ ਏਆਈ ਪ੍ਰਣਾਲੀਆਂ ਨੇ ਮਨੁੱਖਾਂ ਦੇ ਮੁਕਾਬਲੇ ਲਗਭਗ 49 ਫ਼ੀਸਦੀ ਵੱਧ ਵਾਰ ਵਰਤੋਂਕਾਰਾਂ ਦਾ ਪੱਖ ਲਿਆ। ਇਹ ਸਮੱਸਿਆ ਹੁਣ ਵਿਸ਼ਵ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਸਾਲ 2025 ’ਚ ਓਪਨਏਆਈ ਨੇ ਚੈਟਜੀਪੀਟੀ ਦਾ ਇੱਕ ਅਪਡੇਟ ਵਾਪਸ ਲੈ ਲਿਆ ਸੀ, ਕਿਉਂਕਿ ਇਸ ਦੇ ਜਵਾਬ ਲੋੜ ਤੋਂ ਵੱਧ ਤਾਰੀਫ਼ ਕਰਨ ਵਾਲੇ ਹੋ ਗਏ ਸਨ। ਉਸ ਸਮੇਂ ਕੰਪਨੀ ਨੇ ਮੰਨਿਆ ਸੀ ਕਿ ਅਪਡੇਟ ’ਚ ਥੋੜ੍ਹੇ ਸਮੇਂ ਦੇ ਫੀਡਬੈਕ ’ਤੇ ਲੋੜ ਤੋਂ ਵੱਧ ਧਿਆਨ ਦਿੱਤਾ ਗਿਆ ਸੀ।
ਵਾਈਟ ਪੇਪਰ ’ਚ ਕਿਹਾ ਗਿਆ ਹੈ ਕਿ ਏਆਈ ਨੇ ਬੁੱਧੀਮਤਾ ਦੇ ਖੇਤਰ ’ਚ ਭਾਵੇਂ ਕਾਫ਼ੀ ਤਰੱਕੀ ਕੀਤੀ ਹੈ, ਪਰ ਇਸ ’ਚ ਅਜੇ ਵੀ ਇੱਕ ਮਹੱਤਵਪੂਰਨ ਗੁਣ ,ਸੂਝ-ਬੂਝ—ਦੀ ਘਾਟ ਹੈ। ਇਸ ਕਮੀ ਨੂੰ ਦੂਰ ਕਰਨ ਤੇ ਏਆਈ ’ਚ ਸੂਝ-ਬੂਝ ਨੂੰ ਮਾਪਣ ਲਈ ਖੋਜਕਰਤਾਵਾਂ ਨੇ ਹੀਡ ਨਾਂ ਦੀ ਇੱਕ ਰੂਪਰੇਖਾ ਪੇਸ਼ ਕੀਤੀ ਹੈ। ਵਾਈਟ ਪੇਪਰ ਦੀ ਸਹਿ-ਲੇਖਿਕਾ ਤੇ ਸੇਲਸਫੋਰਸ ’ਚ ਏਆਈ ਤੇ ਡਾਟਾ ਸਾਇੰਸ ਦੀ ਸਾਬਕਾ ਕਾਰਜਕਾਰੀ ਅਧਿਕਾਰੀ ਡਾ. ਅੰਜਲੀ ਸਮਾਨੀ ਨੇ ਕਿਹਾ, ‘ਅਸੀਂ ਏਆਈ ਦੇ ਗਿਆਨ ਦੀ ਸਖ਼ਤੀ ਨਾਲ ਪਰਖ ਕਰਦੇ ਹਾਂ, ਪਰ ਇਹ ਨਹੀਂ ਜਾਂਚਦੇ ਕਿ ਉਸ ਦੀ ਸਲਾਹ ਕਿੰਨੀ ਸੂਝਵਾਨ ਹੈ। ਇਹ ਵਾਈਟ ਪੇਪਰ ਸੂਝ-ਬੂਝ ਨੂੰ ਮਾਪਣ ਦਾ ਇੱਕ ਤਰੀਕਾ ਪੇਸ਼ ਕਰਦਾ ਹੈ, ਜਿਸ ਨਾਲ ਏਆਈ ਵਿਕਸਿਤ ਕਰਨ ਵਾਲੇ, ਇਸ ਨੂੰ ਨਿਯਮਤ ਕਰਨ ਵਾਲੇ ਤੇ ਇਸ ’ਤੇ ਨਿਰਭਰ ਰਹਿਣ ਵਾਲੇ ਸਾਰੇ ਲੋਕ ਇਹ ਸਮਝ ਸਕਣਗੇ ਕਿ ਏਆਈ ਕਿੱਥੇ ਸਹੀ ਹੈ ਤੇ ਕਿੱਥੇ ਇਸ ’ਚ ਸੁਧਾਰ ਦੀ ਲੋੜ ਹੈ। ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕਿਹਾ, “ਸਾਡੇ ਵਿਦਿਆਰਥੀ ਉਸ ਏਆਈ ਦਾ ਨਿਰਮਾਣ ਕਰਨਗੇ, ਜਿਸ ਦੀ ਵਰਤੋਂ ਪੂਰੀ ਦੁਨੀਆ ਕਰੇਗੀ। ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਉਨ੍ਹਾਂ ਨੂੰ ਨਾ ਸਿਰਫ਼ ਤਕਨੀਕੀ ਮੁਹਾਰਤ ਨਾਲ, ਸਗੋਂ ਸੂਝ-ਬੂਝ ਨੂੰ ਧਿਆਨ ’ਚ ਰੱਖਦਿਆਂ ਏਆਈ ਵਿਕਸਿਤ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਡਾ. ਸ਼ਿਵਾਨੰਦ ਦੀ ਵਿੱਤੀ ਸਹਾਇਤਾ ਨਾਲ ਸਥਾਪਿਤ ਡਾ. ਈਸ਼ਾਨ ਅਵਧੂਤ ਸ਼ਿਵਾਨੰਦ ਸੈਂਟਰ ਫਾਰ ਯੋਗਿਕ ਸਾਇੰਸਿਜ਼ ਐਂਡ ਹੋਲਿਸਟਿਕ ਡਿਵੈਲਪਮੈਂਟ ਦਾ ਉਦਘਾਟਨ ਵੀ ਆਈਆਈਟੀ ਰੋਪੜ ਵਿਖੇ ਕੀਤਾ ਗਿਆ।