90 ਸਾਲਾ ਬਜ਼ੁਰਗ ਨੇ ਬਣਾਇਆ ਅਨੋਖਾ ਰਿਕਾਰਡ
90 ਸਾਲ ਦੀ ਉਮਰ ‘ਚ ਜਜ਼ਬੇ ਦੀ ਉੱਡਾਨ, ਜਤੋਲੀ ਖੇਡ ਮੇਲੇ ‘ਚ ਪਿਆਰਾ ਸਿੰਘ ਨੇ ਬਣਾਇਆ ਇਤਿਹਾਸ
Publish Date: Mon, 06 Apr 2026 04:44 PM (IST)
Updated Date: Mon, 06 Apr 2026 04:46 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਦੇ ਪਿੰਡ ਜਤੋਲੀ ਵਿਚ ਕਰਵਾਏ ਗਏ ਸਾਲਾਨਾ ਖੇਡ ਮੇਲੇ ਦੌਰਾਨ ਇਸ ਵਾਰ ਖੇਡਾਂ ਦੇ ਨਾਲ-ਨਾਲ ਮਨੁੱਖੀ ਹੌਸਲੇ ਦੀ ਅਦਭੁਤ ਮਿਸਾਲ ਵੀ ਵੇਖਣ ਨੂੰ ਮਿਲੀ। ਮੇਲੇ ਵਿਚ ਕਰਵਾਏ ਗਏ ਪੈਰਾਂ ਭਾਰ ਬੈਠਣ ਦੇ ਦਿਲਚਸਪ ਮੁਕਾਬਲੇ ਵਿਚ ਪਿੰਡ ਅਸਮਾਨਪੁਰ ਹੇਠਲੇ ਦੇ 90 ਸਾਲਾ ਪਿਆਰਾ ਸਿੰਘ ਨੇ ਆਪਣੀ ਅਟੱਲ ਹਿੰਮਤ ਅਤੇ ਧੀਰਜ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਲਗਾਤਾਰ 13 ਘੰਟੇ ਪੈਰਾਂ ਭਾਰ ਬੈਠ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਈ ਨੌਜਵਾਨ ਭਾਗੀਦਾਰ ਵਿਚਕਾਰ ਹੀ ਹਾਰ ਮੰਨ ਗਏ। ਇਸ ਅਸਾਧਾਰਣ ਪ੍ਰਦਰਸ਼ਨ ਨਾਲ ਪਿਆਰਾ ਸਿੰਘ ਮੇਲੇ ਦਾ ਕੇਂਦਰੀ ਆਕਰਸ਼ਣ ਬਣੇ ਰਹੇ ਅਤੇ ਦਰਸ਼ਕਾਂ ਨੇ ਤਾੜੀਆ ਦੀ ਗੂੰਜ ਨਾਲ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ 5100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿਆਰਾ ਸਿੰਘ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਨਿਯਮਤ ਕਸਰਤ ਅਤੇ ਮਿਹਨਤ ਬਹੁਤ ਜ਼ਰੂਰੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ। ਪ੍ਰਬੰਧਕਾਂ ਨੇ ਵੀ ਕਿਹਾ ਕਿ ਪਿੰਡਾਂ ਵਿਚ ਕਰਵਾਏ ਜਾਣ ਵਾਲੇ ਖੇਡ ਮੇਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਦੇ ਹੋਏ ਤੰਦਰੁਸਤ ਸਮਾਜ ਦੀ ਨੀਂਹ ਰੱਖਦੇ ਹਨ। ਅਖੀਰ ਵਿਚ ਪਿਆਰਾ ਸਿੰਘ ਦਾ ਇਹ ਕਾਰਨਾਮਾ ਉਸ ਸ਼ੇਅਰ ਨੂੰ ਸਾਕਾਰ ਕਰਦਾ ਨਜ਼ਰ ਆਇਆ ਕਿ “ਮੰਜ਼ਿਲ ਉਨੀ ਕੋ ਮਿਲਦੀ ਹੈ ਜਿਨਕੇ ਸਪਨੋ ਮੇ ਜਾਨ ਹੋਤੀ ਹੈ, ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੋ ਸੇ ਉੜਾਨ ਹੋਤੀ ਹੈ।” ਸੱਚਮੁੱਚ, ਜਤੋਲੀ ਦੇ ਇਸ ਖੇਡ ਮੇਲੇ ਵਿਚ ਇੱਕ ਬਜ਼ੁਰਗ ਨੇ ਸਾਬਤ ਕਰ ਦਿੱਤਾ ਕਿ ਜੇ ਹੌਸਲਾ ਬੁਲੰਦ ਹੋਵੇ ਤਾਂ ਉਮਰ ਸਿਰਫ਼ ਇੱਕ ਗਿਣਤੀ ਹੀ ਰਹਿ ਜਾਂਦੀ ਹੈ।