
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਕੌਸਲ ਰੂਪਨਗਰ ਦੀ ਪਲੇਠੀ ਮੀਟਿੰਗ ਵਿਚ ਪ੍ਰਧਾਨ ਲਈ ਨਵੀ ਗੱਡੀ ਖਰੀਦਣ ‘ਤੇ ਪਿਆ ਰੋਲਾ

ਸ਼ਹਿਰ ਦੇ ਵਿਕਾਸ ਲਈ ਹਰੇਕ ਕੌਸਲਰ ਦੇ ਦਿੱਤੇ ਕੰਮਾਂ ਨੂੰ ਦਿੱਤੀ ਜਾਵੇਗੀ ਤਰਜੀਹ
ਲੀਡ ਖ਼ਬਰ:
ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ : ਨਗਰ ਕੌਸਲ ਰੂਪਨਗਰ ਦੀ ਪਲੇਠੀ ਮੀਟਿੰਗ ਕੌਸਲ ਪ੍ਰਧਾਨ ਲਈ ਨਵੀ ਬਲੈਰੋ ਗੱਡੀ ਖਰੀਦਣ ਤੇ ਸੁੱਖੇ ਮਾਜਰਾ ਗਊਸ਼ਾਲਾਂ ਨੂੰ ਇੱਕ ਲੱਖ ਰੁਪਏ ਫੰਡ ਦੇ ਮੱਦਾਂ ‘ਤੇ ਰੋਲੇ ਰੱਪੇ ਦੌਰਾਨ ਸਾਰੇ ਮਤੇ ਪਾਸ ਹੋ ਗਏ, ਜਦਕਿ ਵਿਰੋਧੀ ਧਿਰ ਦੇ ਕੌਸਲਰਾਂ ਨੇ ਕਿਹਾਕਿ ਕੌਸਲ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀ, ਵੀਹ ਕਰੋੜ ਦੇ ਵਿਕਾਸ ਕਰਵਾਉਣ ਦੀਆ ਗੱਲਾਂ ਕਰ ਰਹੇ ਹਨ।
ਕੌਸਲ ਦੇ ਕਮੇਟੀ ਰੂਮ ਵਿਚ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਮੀਟਿੰਗ ਵਿਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿਕਾਸ ਲਈ ਵੀਹ ਕਰੌੜ ਦੇ ਕਰੀਬ ਦੇ ਮਤੇ ਪਾਸ ਕੀਤੇ ਗਏ। ਰਾਜੂ ਸਤਿਆਲ ਨੇ ਦੱਸਿਆ ਕਿ ਮੀਟਿੰਗ ਵਧੀਆ ਮਾਹੌਲ ਵਿਚ ਹੋਈ ਹੈ ਸਾਡੇ ਕੌਸਲਰ ਸਾਹਿਬਾਨਾਂ ਨੂੰ ਪੁੱਛ ਕੇ ਪਾਏ ਮਤੇ ਗਏ ਹਨ,ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਕਿਉਕਿ ਕੌਸਲਰ ਵਾਰਡ ਦੇ ਲੋਕਾਂ ਲਈ ਕੰਮ ਕਰਦਾ ਹੈ ਸਤਿਕਾਰ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾਕਿ ਮੇਰਾ ਦਾਅਵਾ ਹੈ ਕਿ ਜਿੰਨੇ ਵੀ ਮਤੇ ਅੱਜ ਪਾਸ ਹੋਏ ਹਨ ਉਨ੍ਹਾਂ ਦੇ ਜਲਦ ਟੈਂਡਰ ਲੱਗਣਗੇ ਤੇ ਕੰਮ ਹੋਣਗੇ, ਕਿਉਕਿ ਸਾਡਾ ਟੀਚਾ ਸ਼ਹਿਰ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾਕਿ ਜਿੱਥੋ ਤੱਕ ਨਵੀ ਗੱਡੀ ਦੀ ਗੱਲ ਹੈ ਸ਼ਹਿਰ ਦੇ ਵਿਕਾਸ ਲਈ ਪ੍ਰਧਾਨ ਨੇ ਕਿਸੇ ਉੱਚ ਅਧਿਕਾਰੀ ਜਾਂ ਮੰਤਰੀ ਨੂੰ ਕੰਮਾਂ ਸਬੰਧੀ ਮਿਲਣਾ ਹੈ ਤਾਂ ਜਾਣ ਲਈ ਗੱਡੀ ਤਾਂ ਚਾਹੀਦੀ ਹੈ ਦੂਜੀ ਗੱਡੀ ਈਓ ਸਾਹਿਬ ਨੂੰ ਲੋੜ ਹੁੰਦੀ ਹੈ ਉਨ੍ਹਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚ ਅਤੇ ਮੀਟਿੰਗਾਂ ਵਿਚ ਜਾਣਾ ਹੁੰਦਾਂ ਹੈ। ਉਨ੍ਹਾਂ ਕਿਹਾਕਿ ਕੌਸਲ ਵਿਚ ਆਊਟਸੋਰਸ ਤੇ ਕੰਮ ਕਰਦੇ ਸਫਾਈ ਸੇਵਕਾਂ ਤੇ ਸੀਵਰ ਮੈਨਾਂ ਨੂੰ ਸਰਕਾਰ ਦੇ ਅਧੀਨ ਕੰਨਟਰੈਕਟ ਤੇ ਲਿਆਉਣ ਦਾ ਮਤਾ ਪਾਸ ਕੀਤਾ ਗਿਆ।
ਪ੍ਰਧਾਨ ਕੋਲ ਸਰਕਾਰੀ ਗੱਡੀ ਦੀ ਵਰਤੋਂ ਦਾ ਅਧਿਕਾਰ ਨਹੀ : ਮੱਕੜ
ਮੀਟਿੰਗ ਦੌਰਾਨ ਨਗਰ ਕੌਸਲ ਵੱਲੋਂ ਇੱਕ ਨਵੀ ਬਲੈਰੋ ਗੱਡੀ ਕੌਸਲ ਪ੍ਰਧਾਨ ਲਈ ਖਰੀਦਣ ਦੇ ਮਤੇ ’ਤੇ ਕੌਸਲਰ ਪਰਮਜੀਤ ਸਿੰਘ ਮੱਕੜ ਨੇ ਕਿਹਾਕਿ ਨਗਰ ਕੌਸਲ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀ ਹਨ ਇਸ ਕਰਕੇ ਪ੍ਰਧਾਨ ਲਈ ਨਵੀ ਗੱਡੀ ਖਰੀਦਣਾ ਗਲਤ ਹੈ, ਨਾ ਹੀ ਕੋਈ ਅਜਿਹਾ ਕਾਨੂੰਨ ਹੈ ਕਿ ਪ੍ਰਧਾਨ ਆਪਣੀ ਵੱਖਰੀ ਗੱਡੀ ਖਰੀਦੇ। ਉਨ੍ਹਾਂ ਕਿਹਾ ਕਿ ਕੌਂਸਲ ਦਾ ਈਓ ਵੀ ਸਰਕਾਰੀ ਗੱਡੀ ਦੀ ਵਰਤੋਂ ਕਰਨ ਦਾ ਕਾਨੂੰਨੀ ਤੌਰ ਤੇ ਹੱਕਦਾਰ ਨਹੀ ਹੈ। ਉਨ੍ਹਾਂ ਕਿਹਾ ਕਿ ਈਓ ਦੱਸੇ ਕਿ ਉਨ੍ਹਾਂ ਨੇ ਨਜਾਇਜ਼ ਕਬਜ਼ੇ ਜਾਂ ਕਲੋਨੀਆਂ ਦੀ ਪੁਸ਼ਟੀ ਕਰਕੇ ਉਨ੍ਹਾਂ ’ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ। ਦੂਜਾ ਸੁੱਖੇ ਮਾਜਰਾ ਗਊਸ਼ਾਲਾ ਸਰਕਾਰੀ ਹੈ ਇਸ ਲਈ ਕੌਸਲ ਵੱਲੋਂ ਦਿੱਤੇ ਜਾਣ ਵਾਲੇ ਇੱਕ ਲੱਖ ਰੁਪਏ ਦਾ ਫੰਡ ਗਲਤ ਹੈ ਸ਼ਹਿਰ ਵਿਚ ਚੱਲ ਰਹੀ ਗਊਸ਼ਾਲਾ ਨੂੰ ਦਿੱਤਾ ਜਾਵੇ ਕਿਉਕਿ ਉਹ ਸ਼ਹਿਰ ਲਈ ਕੰਮ ਕਰ ਰਹੀ ਹੈ।
ਅਸੀ ਸਿਰਫ਼ ਵਿਕਾਸ ਕਾਰਜਾ ਲਈ ਸਹਿਮਤ ਹਾਂ : ਵਾਲੀਆ
ਭਾਜਪਾ ਦੇ ਸੀਨੀਅਰ ਕੌਸਲਰ ਹਰਮਿੰਦਰਪਾਲ ਸਿੰਘ ਅਹਾਲੂਵਾਲੀਆ ਨੇ ਕਿਹਾਕਿ ਭਾਜਪਾ ਦੇ ਕੌਸਲਰ ਸਿਰਫ਼ ਸ਼ਹਿਰ ਦੇ ਵਿਕਾਸ ਲਈ ਸਹਿਮਤ ਹਨ ਫਾਲਤੂ ਖਰਚਿਆ ਲਈ ਨਹੀ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਪੈਸੇ ਸ਼ਹਿਰ ਵਿਚ ਹੀ ਵਰਤਿਆ ਜਾਣਾ ਚਾਹੀਦਾ ਹੈ ਨਾਕਿ ਸੁੱਖੇ ਮਾਜਰਾ ਦੀ ਗਊਸ਼ਾਲਾ ਨੂੰ ਦਿੱਤਾ ਜਾਵੇ, ਪੈਸਾ ਸ਼ਹਿਰ ਦੀ ਗਊਸ਼ਾਲਾ ਨੂੰ ਹੀ ਦਿੱਤਾ ਜਾਵੇ। ਉਨ੍ਹਾਂ ਕਿਹਾਕਿ ਵੀਹ ਕਰੋੜ ਦੇ ਵਿਕਾਸ ਕਾਰਜਾ ਦੇ ਮਤੇ ਤਾਂ ਪਾਸ ਹੋਏ ਹਨ ਪਰ ਕੰਮ ਹੋਣਗੇ ਜਾਂ ਨਹੀ ਇਹ ਰੱਬ ਭਰੋਸੇ ਹੈ ਕਿਉਕਿ ਪੈਸੇ ਤਾਂ ਹੈ ਨਹੀ।
ਇਹ ਕੌਸਲਰ ਸਨ ਹਾਜਰ
ਮੀਟਿੰਗ ਵਿਚ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਸੰਗੀਤਾ ਕਾਲੀਆ, ਮੀਤ ਪ੍ਰਧਾਨ ਸੁਰਜੀਤ ਕੌਰ ਸੈਣੀ, ਕੌਸਲਰ ਅਵਤਾਰ ਸਿੰਘ, ਸੁਖਜਿੰਦਰ ਸਿੰਘ ਫੌਜੀ, ਅੰਮ੍ਰਿਤਪਾਲ ਸਿੰਘ ਸੋਨੂੰ, ਪ੍ਰਵੀਨ ਸਿੰਘ, ਤਰਨਜੀਤ ਕੌਰ, ਜਗਮੋਹਣ ਕੌਰ, ਜਸਬੀਰ ਕੌਰ ਸੈਣੀ, ਗੁਰਬਿੰਦਰ ਸਿੰਘ ਬਾਵਾ, ਸੁਖਵਿੰਦਰ ਸਿੰਘ ਪਟਵਾਰੀ, ਕਰਮਜੀਤ ਕੌਰ, ਸੰਤੋਸ਼ ਕੁਮਾਰੀ, ਰੇਖਾ ਰਾਣੀ, ਕਿਰਨ ਗੁਪਤਾ, ਕਿਰਨ ਸੋਨੀ, ਗੁਰਬਿੰਦਰ ਸਿੰਘ ਜੱਗੀ ਆਦਿ ਹਾਜਰ ਸਨ।