ਤੇਜਿੰਦਰ ਸਿੰਘ ਬਾਜ਼ ਦੇ ਨਾਟਕ ‘ਕੀ ਇਹ ਵੀ ਮੇਰਾ ਕਸੂਰ ਹੈ’ ’ਤੇ ਵਿਚਾਰ-ਚਰਚਾ ਅੱਜ ਤੇਜਿੰਦਰ ਸਿੰਘ ਬਾਜ਼ ਦੇ ਨਾਟਕ ‘ਕੀ ਇਹ ਵੀ ਮੇਰਾ ਕਸੂਰ ਹੈ’ ’ਤੇ 16 ਨਵੰਬਰ ਨੂੰ ਹੋਵੇਗੀ ਵਿਚਾਰ-ਚਰਚਾ
Publish Date: Sun, 15 Nov 2026 05:47 PM (IST)
Updated Date: Sun, 15 Nov 2026 05:48 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬੀ ਸਾਹਿਤ ਤੇ ਰੰਗਮੰਚ ਦੇ ਖੇਤਰ ’ਚ ਸਾਹਿਤਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਪਟਿਆਲਾ ਦੇ ਸਹਿਯੋਗ ਨਾਲ ਉੱਘੇ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਦੇ ਨਾਟਕ ‘ਕੀ ਇਹ ਵੀ ਮੇਰਾ ਕਸੂਰ ਹੈ’ ਉੱਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾਵੇਗੀ। ਇਹ ਸਾਹਿਤਕ ਸਮਾਗਮ 16 ਨਵੰਬਰ 2026, ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਵੇਗਾ। ਇਸ ਦੌਰਾਨ ਨਾਟਕ ਦੇ ਵਿਸ਼ਾ-ਵਸਤੂ, ਸਮਾਜਿਕ ਸਰੋਕਾਰਾਂ ਤੇ ਇਸ ’ਚ ਉਭਾਰੇ ਗਏ ਵੱਖ-ਵੱਖ ਪਹਿਲੂਆਂ ਬਾਰੇ ਸਾਹਿਤਕਾਰਾਂ, ਵਿਦਵਾਨਾਂ ਤੇ ਨਾਟਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ’ਚ ਪ੍ਰੋ. ਸਤੀਸ਼ ਕੁਮਾਰ ਵਰਮਾ ਪ੍ਰਧਾਨਗੀ ਕਰਨਗੇ, ਜਦਕਿ ਪ੍ਰੋ. ਭੀਮ ਇੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਕੁਲਦੀਪ ਸਿੰਘ ਦੀਪ (ਨਾਟਕ ਚਿੰਤਕ ਤੇ ਨਾਟਕਕਾਰ) ਤੇ ਡਾ. ਜਸਵੀਰ ਸਿੰਘ ਪ੍ਰਿੰਸੀਪਲ, ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਡਾ. ਹਰਦੀਪ ਸਿੰਘ ਤੇ ਤਰਲੋਚਨ ਸਿੰਘ ਵੀ ਸਮਾਗਮ ’ਚ ਹਾਜ਼ਰੀ ਭਰਨਗੇ। ਨਾਟਕ ਸਬੰਧੀ ਟਿੱਪਣੀਆਂ ਬਲਵੀਰ ਬੱਲੀ ਤੇ ਦਵਿੰਦਰ ਗਿੱਲ ਵੱਲੋਂ ਕੀਤੀਆਂ ਜਾਣਗੀਆਂ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਾਹਿਤ ਪ੍ਰੇਮੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਇਸ ਵਿਚਾਰ-ਚਰਚਾ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਸਰਬਜੀਤ ਸਿੰਘ ਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਪਟਿਆਲਾ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੁੱਖੀ ਤੇ ਜਨਰਲ ਸਕੱਤਰ ਡਾ. ਜਗਪਾਲ ਸਿੰਘ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।