ਸੰਗਰੂਰ ਰੈਲੀ ਲਈ ਰੋਪੜ ਤੋਂ 500 ਲੋਕਾਂ ਦਾ ਕਾਫ਼ਲਾ ਪੁੱਜਾ ਸੰਗਰੂਰ ਰੈਲੀ ਲਈ ਕਮਲ ਚੌਹਾਨ ਟੇਢੇਵਾਲ ਦੀ ਅਗਵਾਈ ਹੇਠ ਰੋਪੜ ਤੋਂ 500 ਲੋਕਾਂ ਦਾ ਕਾਫ਼ਲਾ ਰਵਾਨਾ
Publish Date: Wed, 04 Nov 2026 06:51 PM (IST)
Updated Date: Wed, 04 Nov 2026 06:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂ ਇਨਸਾਫ਼ ਰੈਲੀ ’ਚ ਸ਼ਮੂਲੀਅਤ ਕਰਨ ਲਈ ਰੋਪੜ ਤੋਂ ਓਬੀਸੀ ਵਿੰਗ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲ ਚੌਹਾਨ ਟੇਢੇਵਾਲ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ 3 ਬੱਸਾਂ ਅਤੇ 60 ਗੱਡੀਆਂ ਸਮੇਤ ਕਰੀਬ 500 ਲੋਕ ਰੈਲੀ ’ਚ ਸ਼ਾਮਲ ਹੋਣ ਲਈ ਸੰਗਰੂਰ ਵੱਲ ਰਵਾਨਾ ਹੋਏ। ਇਸ ਮੌਕੇ ਕਮਲ ਚੌਹਾਨ ਟੇਢੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਫੇਲ੍ਹ ਸਾਬਤ ਹੋਈ ਹੈ ਅਤੇ ਕਿਸਾਨ, ਮੁਲਾਜ਼ਮ ਤੇ ਮਜ਼ਦੂਰ ਵਰਗ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਸੀ, ਪਰ ਇਸ ਵਾਰ ਲੋਕ ਆਮ ਆਦਮੀ ਪਾਰਟੀ ਦੀਆਂ ਗੱਲਾਂ ’ਚ ਨਹੀਂ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਰੋਪੜ ਤੋਂ ਚੋਣ ਮੈਦਾਨ ’ਚ ਉਤਰਨ ਲਈ ਤਿਆਰ ਹਨ। ਜੇਕਰ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਪੜ ਵਿਖੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਚੋਣ ਜਿੱਤ ਕੇ ਇਹ ਜਿੱਤ ਕਾਂਗਰਸ ਹਾਈਕਮਾਨ ਦੀ ਝੋਲੀ ਪਾਉਣਗੇ। ਇਸ ਮੌਕੇ ਨਵਪ੍ਰੀਤ ਸ਼ਰਮਾ, ਓਂਕਾਰ ਚੌਹਾਨ, ਗੁਰਪ੍ਰੀਤ ਸਿੰਘ ਅਕਬਰਪੁਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।