ਘਰ-ਘਰ ਜਾ ਕੇ ਹੱਲ ਕੀਤੀਆਂ ਜਾ ਰਹੀਆਂ ਲੋਕਾਂ ਦੀਆਂ ਸਮੱਸਿਆਵਾਂ : ਹਰਜੋਤ ਬੈਂਸ ਡੇਢ ਮਹੀਨੇ ਤੋਂ ਨੰਗਲ ਵਿੱਚ ਲਗਾਤਾਰ ਜਾਰੀ ਹੈ ਸਫਾਈ ਮੁਹਿੰਮ
Publish Date: Tue, 06 Oct 2026 05:18 PM (IST)
Updated Date: Tue, 06 Oct 2026 05:20 PM (IST)
ਪੰਜਾਬੀ ਜਾਗਰਣ ਟੀਮ, ਨੰਗਲ : ‘ਮਿਸ਼ਨ ਕਲੀਨ’ ਤਹਿਤ ਨੰਗਲ ਸ਼ਹਿਰ ਨੂੰ ਸਾਫ-ਸੁਥਰਾ, ਸੁੰਦਰ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ ਬਣਾਉਣ ਲਈ ਪਿਛਲੇ ਲਗਭਗ ਡੇਢ ਮਹੀਨੇ ਤੋਂ ਲਗਾਤਾਰ ਚਲਾਈ ਜਾ ਰਹੀ ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਵਾਰਡ ਨੰਬਰ 1 ’ਚ ਚੱਲ ਰਹੇ ਕਾਰਜਾਂ ਦਾ ਲੋਕਲ ਬਾਡੀ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਜ਼ਮੀਨੀ ਪੱਧਰ ’ਤੇ ਪਹੁੰਚ ਕੇ ਸਫਾਈ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ’ਤੇ ਸਫਾਈ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਰਾਮ ਲੀਲਾ ਗਰਾਊਡ ਵਿਖੇ ਛੈਂਡ ਦਾ ਕੰਮ ਮੁਕੰਮਲ ਹੋਣ ਅਤੇ ਪਾਣੀ ਦਾ ਕੁਨੈਕਸ਼ਨ ਦਿੱਤੇ ਜਾਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਾਢੇ ਛੇ ਕਰੋੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ. ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ’ ਦਾ ਉਦੇਸ਼ ਨੰਗਲ ਦੇ ਹਰੇਕ ਵਾਰਡ, ਗਲੀ ਅਤੇ ਮੁਹੱਲੇ ਨੂੰ ਸਾਫ-ਸੁਥਰਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਫਾਈ ਨੂੰ ਕਿਸੇ ਇੱਕ ਦਿਨ ਦੀ ਮੁਹਿੰਮ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ, ਬਲਕਿ ਇਸ ਨੂੰ ਨਿਰੰਤਰ ਪ੍ਰਕਿਰਿਆ ਵਜੋਂ ਜਾਰੀ ਰੱਖਣ ਦੀ ਲੋੜ ਹੈ। ਪਿਛਲੇ ਡੇਢ ਮਹੀਨੇ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਗਲੀਆਂ, ਨਾਲੀਆਂ ਅਤੇ ਜਨਤਕ ਥਾਵਾਂ ਦੀ ਸਫਾਈ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਵੀ ਮੌਕੇ ’ਤੇ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਅਤੇ ਮੁਹੱਲਿਆਂ ਤੱਕ ਪਹੁੰਚ ਕਰਕੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਵਾਤਾਵਰਣ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਾਣੀ, ਸੀਵਰੇਜ, ਸੜਕਾਂ, ਨਾਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੰਗਲ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਫਾਈ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ ਰੱਖਣ ’ਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦਾ ਕੂੜਾ ਸੜਕਾਂ, ਖਾਲੀ ਪਲਾਟਾਂ ਜਾਂ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਕੂੜਾ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਹੀ ਸੌਂਪਣ। ਲੋਕਲ ਬਾਡੀ ਮੰਤਰੀ ਨੇ ਕਿਹਾ ਕਿ ਸਫਾਈ ਮੁਹਿੰਮ ਦੀ ਸਫਲਤਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ, ਨਗਰ ਕੌਂਸਲ, ਸਫਾਈ ਕਰਮਚਾਰੀ ਅਤੇ ਆਮ ਲੋਕ ਮਿਲ ਕੇ ਕੰਮ ਕਰਨਗੇ ਤਾਂ ਨੰਗਲ ਨੂੰ ਹੋਰ ਵੀ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦਾ ਟੀਚਾ ਜਲਦ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਪ੍ਰਬੰਧਾਂ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ ਅਤੇ ਹਰ ਵਾਰਡ ’ਚ ਨਿਯਮਤ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ’ ਤਹਿਤ ਸ਼ੁਰੂ ਕੀਤੇ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਕਿਰਨ ਬਾਲਾ ਪ੍ਰਧਾਨ ਨਗਰ ਕੌਂਸਲ ਨੰਗਲ, ਸੰਗੀਤ ਕੁਮਾਰ ਕਾਰਜ ਸਾਧਕ ਅਫਸਰ, ਗੁਰਭਾਗ ਸਿੰਘ ਓਐਸਡੀ , ਦਾਨਿਸ਼ਵੀਰ ਸਿੰਘ ਥਾਂਣਾ ਮੁਖੀ, ਦਲਜੀਤ ਸਿੰਘ, ਨਿਤਿਨ ਸ਼ਰਮਾ, ਸੁਮਿਤ ਅਗਨੀਸੰਦਲ, ਸੰਦੀਪ ਸ਼ਰਮਾ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਦਿਲਭਾਗ ਸਿੰਘ, ਅਮਰੀਕ ਸਿੰਘ, ਰਾਹੁਲ ਸ਼ਰਮਾ, ਰੋਹਿਤ ਰਾਣਾ, ਅਮਨ ਅਗਨੀਸੰਦਲ, ਨਿਸ਼ਾਂਤ ਗੁਪਤਾ ’ ਤੇ ਵਾਰਡ ਵਾਸੀ ਹਾਜ਼ਰ ਸਨ।