ਬੇਲਾ ਚੌਂਕ ਤੋਂ ਤੀਰਥ ਯਾਤਰਾ ਲਈ ਬੱਸ ਕੀਤੀ ਰਵਾਨਾ ਬੇਲਾ ਚੌਂਕ ਤੋਂ ਮਥੁਰਾ-ਵ੍ਰਿੰਦਾਵਨ ਲਈ ਤੀਰਥ ਯਾਤਰਾ ਲਈ ਬੱਸ ਕੀਤੀ ਰਵਾਨਾ
Publish Date: Wed, 07 Oct 2026 03:39 PM (IST)
Updated Date: Wed, 07 Oct 2026 03:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੇਲਾ ਚੌਂਕ ਤੋਂ ਮਥੁਰਾ ਅਤੇ ਵ੍ਰਿੰਦਾਵਨ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਵਿਧਾਇਕ ਦਿਨੇਸ਼ ਚੱਢਾ ਨੇ ਰਵਾਨਾ ਕੀਤੀ ਗਈ। ਬੱਸ ਰਵਾਨਾ ਹੋਣ ਸਮੇਂ ਇਲਾਕੇ ਦੇ ਲੋਕਾਂ ਅਤੇ ਯਾਤਰੀਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਸੁਤੰਤਰ ਕੌਸ਼ਲ, ਯੂਥ ਪ੍ਰਧਾਨ ਚੇਤਨ ਕਾਲੀਆ, ਐਡਵੋਕੇਟ ਗੌਰਵ ਕਪੂਰ, ਸਰਪੰਚ ਵਿਕਰਾਂਤ ਚੌਧਰੀ ਸਮੇਤ ਵੱਖ-ਵੱਖ ਵਾਰਡਾਂ ਦੇ ਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਆਗੂਆਂ ਵੱਲੋਂ ਯਾਤਰੀਆਂ ਨੂੰ ਧਾਰਮਿਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੁਖਦ ਅਤੇ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਆਮ ਲੋਕਾਂ ਨੂੰ ਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਦੂਰ-ਦੁਰਾਡੇ ਸਥਿਤ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਪਰ ਇਸ ਤਰ੍ਹਾਂ ਦੀਆਂ ਸਹੂਲਤਾਂ ਨਾਲ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਪੂਰਾ ਕਰਨ ਵਿਚ ਮਦਦ ਮਿਲ ਰਹੀ ਹੈ। ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਯਾਤਰਾ ਦੌਰਾਨ ਆਵਾਜਾਈ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬੇਲਾ ਚੌਂਕ ਤੋਂ ਬੱਸ ਰਵਾਨਾ ਹੋਣ ਮੌਕੇ ਮੌਜੂਦ ਲੋਕਾਂ ਨੇ ਯਾਤਰੀਆਂ ਨੂੰ ਸ਼ੁਭ ਯਾਤਰਾ ਦੀਆਂ ਵਧਾਈਆਂ ਦਿੱਤੀਆਂ।