ਲੀਡ: ਰੂਪਨਗਰ ’ਚ ਸਰਹੰਦ ਨਹਿਰ ਕਿਨਾਰੇ 1.80 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਸੁੰਦਰ ਸੈਰਗਾਹ ਰੂਪਨਗਰ ਵਿਖੇ ਸਰਹੰਦ ਨਹਿਰ ਦੇ ਕਿਨਾਰੇ 1.80 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਸੁੰਦਰ ਸੈਰਗਾਹ
Publish Date: Fri, 25 Sep 2026 06:42 PM (IST)
Updated Date: Fri, 25 Sep 2026 06:45 PM (IST)
ਰੂਪਨਗਰ ਸ਼ਹਿਰ ਨੂੰ ਸੈਰ-ਸਪਾਟੇ ਦੇ ਖੇਤਰ ਵਿਚ ਮਿਲੇਗੀ ਨਵੀਂ ਪਛਾਣ: ਚੱਢਾ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਰੂਪਨਗਰ ਨੂੰ ਮੁੜ ਸੈਰ-ਸਪਾਟੇ ਦੀ ਹੱਬ ਬਨਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ 1.80 ਕਰੋੜ ਰੁਪਏ ਦੀ ਲਾਗਤ ਨਾਲ ਸਰਹਿੰਦ ਨਹਿਰ ਦੇ ਨਵੇਂ ਪੁਲ ਤੋਂ ਗਿਆਨੀ ਜ਼ੈਲ ਸਿੰਘ ਨਗਰ ਵਾਲੇ ਪੁਲ ਤੱਕ ਰੇਲਵੇ ਸਟੇਸ਼ਨ ਸਾਹਮਣੇ ਵਾਲੀ ਸਾਇਡ ਵੱਲੋਂ ਕਰੀਬ 700 ਮੀਟਰ ਲੰਬੀ ਸੁੰਦਰ ਸੈਰਗਾਹ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਦੇ ਲਈ ਮੰਜਾਬ ਮੰਡੀ ਬੋਰਡ ਨੂੰ ਨੌਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਸਰਹਿੰਦ ਨਹਿਰ ਦੇ ਨਵੇ ਪੁਲ ‘ਤੇ ਮੌਕੇ ਦਾ ਜਾਇਜ਼ਾ ਲੈਦਿਆਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੰਡੀ ਬੋਰਡ ਦੇ ਐੱਸਡੀਓ ਲਖਵੀਰ ਸਿੰਘ ਨਾਲ ਵਿਚਾਰ ਸਾਂਝੇ ਕਰਕੇ ਵਿਊਤਬੰਦੀ ਬਣਾਈ। ਵਿਧਾਇਕ ਨੇ ਕਿਹਾਕਿ ਇਸ ਸੈਰਗਾਹ ਦੇ ਨਿਰਮਾਣ ’ਤੇ ਲਗਭਗ 1.80 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਪ੍ਰਾਜੈਕਟ ਸਬੰਧੀ ਟੈਂਡਰ ਅਲਾਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਮੁਕੰਮਲ ਹੋਣ ਉਪਰੰਤ ਇਹ ਸੈਰਗਾਹ ਰੋਪੜ ਵਾਸੀਆਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੂਪਨਗਰ ਦੀ ਕੁਦਰਤੀ ਸੁੰਦਰਤਾ, ਦਰਿਆਈ ਵਿਰਾਸਤ ਅਤੇ ਇਤਿਹਾਸਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਵਿਚ ਅਜਿਹੀਆਂ ਸਹੂਲਤਾਂ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਸੈਰਗਾਹ ਨਾ ਸਿਰਫ਼ ਸ਼ਹਿਰ ਵਾਸੀਆਂ ਲਈ ਸਵੇਰ-ਸ਼ਾਮ ਸੈਰ ਕਰਨ ਅਤੇ ਕੁਦਰਤੀ ਵਾਤਾਵਰਨ ਦਾ ਆਨੰਦ ਮਾਣਨ ਲਈ ਸੁਵਿਧਾਜਨਕ ਸਥਾਨ ਮੁਹੱਈਆ ਕਰਵਾਏਗੀ, ਸਗੋਂ ਰੂਪਨਗਰ ਦੇ ਸੈਰ-ਸਪਾਟਾ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਣ ਦੇ ਨਾਲ-ਨਾਲ ਇਲਾਕੇ ਵਿਚ ਲੋਕਾਂ ਲਈ ਇਕ ਸੁਹਾਵਣਾ ਅਤੇ ਆਕਰਸ਼ਕ ਜਨਤਕ ਸਥਾਨ ਤਿਆਰ ਹੋਵੇਗਾ। ਇਸ ਸੈਰਗਾਹ ਨੂੰ ਸ਼ਹਿਰ ਦੇ ਵਸਨੀਕਾਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਨੂੰ ਇਕ ਸੁੰਦਰ, ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣ ਦੇ ਨਾਲ-ਨਾਲ ਇਸ ਦੀ ਇਤਿਹਾਸਕ ਤੇ ਕੁਦਰਤੀ ਵਿਰਾਸਤ ਨੂੰ ਸੈਰ-ਸਪਾਟੇ ਨਾਲ ਜੋੜਨ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਰੂਪਨਗਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਹੋਰ ਲੋਕ-ਪੱਖੀ ਪ੍ਰਾਜੈਕਟ ਅਮਲ ਵਿਚ ਲਿਆਂਦੇ ਜਾਣਗੇ। ਇਸ ਮੌਕੇ ਤੇ ਨਗਰ ਕੌਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਆਪ ਆਗੂ ਪਰਵਿੰਦਰਪਾਲ ਸਿੰਘ ਬਿੰਟਾਂ ਆਦਿ ਹਾਜ਼ਰ ਸਨ।