ਨਹਿਰੂ ਸਟੇਡੀਅਮ ਰੂਪਨਗਰ ਵਿਖੇ 500 ਡ੍ਰੋਨਾਂ ਨੇ ਅਸਮਾਨ ’ਤੇ ਸਿਰਜਿਆ ਅਦਭੁੱਤ ਨਜ਼ਾਰਾ ਨਹਿਰੂ ਸਟੇਡੀਅਮ ਰੂਪਨਗਰ ਵਿਖੇ 500 ਡਰੋਨਾਂ ਨੇ ਅਸਮਾਨ ’ਤੇ ਸਿਰਜਿਆ ਅਦਭੁੱਤ ਨਜ਼ਾਰਾ
Publish Date: Sun, 04 Oct 2026 07:15 PM (IST)
Updated Date: Sun, 04 Oct 2026 07:17 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਰੂਪਨਗਰ ਦੇ ਨਹਿਰੂ ਸਟੇਡੀਅਮ ’ਚ ਡ੍ਰੋਨ ਸ਼ੋਅ ਕਰਵਾਇਆ ਗਿਆ। 500 ਡ੍ਰੋਨਾਂ ਦੀ ਰੌਸ਼ਨੀ ਨਾਲ ਜਗਮਗਾਏ ਅਸਮਾਨ ਨੇ ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਸੰਗਤ ਨੂੰ ਅਧਿਆਤਮਿਕਤਾ, ਇਤਿਹਾਸ ਤੇ ਆਧੁਨਿਕ ਤਕਨਾਲੋਜੀ ਦੇ ਅਦਭੁੱਤ ਸੁਮੇਲ ਦਾ ਅਨੁਭਵ ਕਰਵਾਇਆ। ਇਸ ਵਿਲੱਖਣ ਏਰੀਅਲ ਸ਼ੋਅ ਦੌਰਾਨ 500 ਡ੍ਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੇ ਮਹਾਨ ਫਲਸਫ਼ੇ ਤੇ ਮਨੁੱਖਤਾ ਨੂੰ ਦਿੱਤੇ ਸਦੀਵੀ ਸੰਦੇਸ਼ ਨੂੰ ਅਸਮਾਨ ’ਤੇ ਵੱਖ-ਵੱਖ ਆਕ੍ਰਿਤੀਆਂ ਤੇ ਦ੍ਰਿਸ਼ਾਂ ਰਾਹੀਂ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਗੁਰੂ ਜੀ ਵੱਲੋਂ ਦਿੱਤੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ, ਮਨੁੱਖੀ ਸਨਮਾਨ ਅਤੇ ਬੇਗਮਪੁਰੇ ਦੇ ਸੰਕਲਪ ਨੂੰ ਆਧੁਨਿਕ ਤਕਨਾਲੋਜੀ ਰਾਹੀਂ ਪੇਸ਼ ਕੀਤੇ ਜਾਣ ਨੇ ਸੰਗਤ ਨੂੰ ਭਾਵੁਕ ਤੇ ਪ੍ਰਭਾਵਿਤ ਕੀਤਾ। ਇਸ ਮੌਕੇ ਸੰਗਤ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਵਿਲੱਖਣ ਪੇਸ਼ਕਾਰੀ ਦਾ ਆਨੰਦ ਮਾਣਿਆ। ============== ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ : ਚੱਢਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਸੂਬੇ ਭਰ ਵਿਚ ਲਗਾਤਾਰ ਜਾਰੀ ਹੈ, ਜਿਸ ਤਹਿਤ ਡ੍ਰੋਨ ਸ਼ੋਅ, ਡਾਕੂਮੈਂਟਰੀ ਸ਼ੋਅ, ਵਿਦਿਅਕ ਅਦਾਰਿਆਂ ’ਚ ਸੈਮੀਨਾਰ ਤੇ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਸਬੰਧਤ ਵੱਖ-ਵੱਖ ਧਾਰਮਿਕ ਤੇ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਡ੍ਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨਾਂ ’ਚ ਢੁਕਵੀਂ ਸ਼ਰਧਾਂਜਲੀ ਹੈ। ਇਹ ਉਪਰਾਲਾ ਆਧੁਨਿਕ ਮਾਧਿਅਮਾਂ ਰਾਹੀਂ ਗੁਰੂ ਜੀ ਦੇ ਸਦੀਵੀ ਤੇ ਸਰਬ-ਸਾਂਝੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਯਤਨ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਡ੍ਰੋਨ ਸ਼ੋਅ ਨਹੀਂ, ਸਗੋਂ ਗੁਰੂ ਜੀ ਵੱਲੋਂ ਦਰਸਾਏ ਬਰਾਬਰੀ, ਏਕਤਾ ਅਤੇ ਮਨੁੱਖਤਾ ਦੇ ਮਾਰਗ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਤਹਿਤ ਸੂਬੇ ਭਰ ਵਿੱਚ 92 ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ, ਸਾਂਝ ਤੇ ਏਕਤਾ ਦੀ ਭਾਵਨਾ ਨਾਲ ਮਨਾਉਂਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਸੰਦੇਸ਼ ਨੂੰ ਆਪਣੇ ਜੀਵਨ ’ਚ ਅਪਣਾਉਣ ਤੇ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣ। ਇਸ ਮੌਕੇ ਡ੍ਰੋਨ ਸ਼ੋਅ ਤੋਂ ਪਹਿਲਾਂ ਭਾਈ ਸਤਵੀਰ ਸਿੰਘ ਕਿਰਪਾਨ ਭੇਂਟ, ਬੁੱਢਾ ਦਲ ਮਾਛੀਵਾੜਾ ਸਾਹਿਬ ਵੱਲੋਂ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਦੌਰਾਨ ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਮਲਕੀਤ ਸਿੰਘ ਭੰਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਚੇਅਰਮੈਨ ਇੰਪਰੁਵਮੇਂਟ ਟਰੱਸਟ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਸਪੋਰਟਸ ਅਮਨਦੀਪ ਸਿੰਘ ਲਾਡੀ, ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ,ਐਸਡੀਐਮ. ਰੂਪਨਗਰ ਜਸਪ੍ਰੀਤ ਸਿੰਘ, ਤਹਿਸੀਲਦਾਰ ਰੂਪਨਗਰ ਸੁਰਿੰਦਰਪਾਲ ਸਿੰਘ ਪੰਨੂ, ਬੀਡੀਪੀਓ. ਰੂਪਨਗਰ ਅਮਿਤ ਸ਼ਰਮਾ, ਆਪ ਆਗੂ ਪਰਵਿੰਦਰਪਾਲ ਸਿੰਘ ਬਿੰਟਾ, ਐਮਸੀ. ਗੁਰਵਿੰਦਰ ਸਿੰਘ ਜੱਗੀ, ਲੈਕਚਰਾਰ ਸੁਰਜਨ ਸਿੰਘ, ਸ੍ਰੀ ਗੁਰੂ ਧਾਰਮਿਕ ਸਭਾ ਮੁਹੱਲਾ ਚੰਦਰਗੜ੍ਹ ਤੋਂ ਜਥੇਦਾਰ ਭਾਗ ਸਿੰਘ, ਮਦਨ ਲਾਲ, ਐਡਵੋਕੇਟ ਅਮਨ ਸੈਣੀ, ਹਲਕਾ ਕੋਆਰਡੀਨੇਟਰ ਐਸਸੀ ਵਿੰਗ ਚਰਨਪ੍ਰੀਤ ਸਿੰਘ ਚੰਨੀ, ਸਰਪੰਚ ਵਿਕਰਾਂਤ ਚੌਧਰੀ, ਦਵਿੰਦਰ ਸਿੰਘ ਖਹਿਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।