ਜੰਗਲਾਤ ਵਿਭਾਗ ਵੱਲੋਂ 4 ਸ਼ਿਕਾਰੀ ਕਾਬੂ ਜੰਗਲਾਤ ਵਿਭਾਗ ਵੱਲੋਂ 4 ਸ਼ਿਕਾਰੀ ਕਾਬੂ
Publish Date: Sat, 14 Nov 2026 05:01 PM (IST)
Updated Date: Sat, 14 Nov 2026 05:03 PM (IST)
ਜਿਊਂਦਾ ਕੱਛੂਕੰਮਾ ਤੇ ਤੇਜ਼ਧਾਰ ਹਥਿਆਰ ਬਰਾਮਦ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਜੰਗਲਾਤ ਵਿਭਾਗ ਦੀ ਟੀਮ ਨੇ ਨੰਗਲ ਇਲਾਕੇ ’ਚ ਵੱਡੀ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ’ਤੇ ਚਾਰ ਸ਼ਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਸ਼ਿਕਾਰੀਆਂ ਕੋਲੋਂ ਇੱਕ ਜਿਊਂਦਾ ਕੱਛੂਕੰਮਾ, ਦੋ ਮੋਟਰਸਾਈਕਲ ਤੇ ਤੇਜ਼ਧਾਰ ਸੂਏ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੇਂਜ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਅਫ਼ਸਰ ਨਰਿੰਦਰਜੀਤ ਸਿੰਘ ਨੂੰ ਬੀਤੇ ਦਿਨ ਇੱਕ ਫੋਨ ਕਾਲ ਰਾਹੀਂ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਕੱਛੂ ਸ਼ਡਿਊਲ-1 ਦਾ ਜਾਨਵਰ ਹੈ, ਜਿਸਦਾ ਸ਼ਿਕਾਰ ਕਰਨਾ ਸਖ਼ਤ ਮਨ੍ਹਾ ਹੈ। ਰੇਂਜ ਅਫ਼ਸਰ ਅਨੁਸਾਰ ਫੜੇ ਗਏ ਚਾਰਾਂ ਮੁਲਜ਼ਮਾਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲੀ ਟੀਮ ’ਚ ਰੇਂਜ ਅਫ਼ਸਰ ਅਮਰੀਕ ਸਿੰਘ ਤੋਂ ਇਲਾਵਾ ਬਲਾਕ ਅਫ਼ਸਰ ਨਰਿੰਦਰਜੀਤ, ਫੋਰੈਸਟ ਗਾਰਡ ਅੰਮ੍ਰਿਤ ਲਾਲ, ਫੋਰੈਸਟ ਗਾਰਡ ਜਗਵੀਰ ਸਿੰਘ ਤੇ ਸੰਜੀਵ ਕੁਮਾਰ ਮੌਜੂਦ ਸਨ। ਜਦੋਂ ਅਧਿਕਾਰੀ ਤੋਂ ਮੁੱਢਲੀ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪੂਰੀ ਰਿਪੋਰਟ ਤਿਆਰ ਕਰ ਲਈ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।