- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
23 ਸਾਲ ਦੀ ਸੋਨਲ ਦਹੀਆ ਨੇ ਰਾਸ਼ਟਰੀ ਖੇਡਾਂ ਚ ਸਿਲਵਰ ਮੈਡਲ ਜਿੱਤ ਕੇ ਸੂਬੇ ਦਾ ਮਾਣ ਵਧਾਇਆ

ਕਾਈਨੌਰ ਦੀ ਦਾਦਾ ਦੇਵ ਰੈਸਲਿੰਗ ਅਕੈਡਮੀ ਬਣ ਰਹੀ ਹੈ ਧੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੰਚ: ਡਿਪਟੀ ਕਮਿਸ਼ਨ
ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ: ਕਾਈਨੌਰ ਦੀ ਦਾਦਾ ਦੇਵ ਰੈਸਲਿੰਗ ਅਕੈਡਮੀ ਦੀ 23 ਸਾਲਾ ਸੋਨਲ ਦਹੀਆ ਨੇ ਸਤੰਬਰ 2026 ’ਚ ਹੋਈਆਂ ਰਾਸ਼ਟਰੀ ਖੇਡਾਂ ਦੌਰਾਨ ਭਾਰ ਵਰਗ 53 ਕਿਲੋ ’ਚ ਸਿਲਵਰ ਮੈਡਲ ਜਿੱਤ ਕੇ ਸੂਬੇ ਦਾ ਮਾਣ ਵੀ ਵਧਾਇਆ ਹੈ ਤੇ ਹੋਰ ਖਿਡਾਰਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣੀ ਹੈ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਮੋਰਿੰਡਾ ਦੇ ਪਿੰਡ ਕਾਈਨੌਰ ਸਥਿਤ ਦਾਦਾ ਦੇਵ ਰੈਸਲਿੰਗ ਅਕੈਡਮੀ ’ਚ ਕੁੜੀਆਂ ਲਈ ਵਿਸ਼ੇਸ਼ ਰੈਸਲਿੰਗ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ 50 ਤੋਂ ਵੱਧ ਖਿਡਾਰਨਾਂ ਰੈਸਲਿੰਗ ਦੀ ਸਿਖਲਾਈ ਲੈ ਰਹੀਆਂ ਹਨ, ਜਿਸ ਨਾਲ ਇਸ ਅਕੈਡਮੀ ਧੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਸਫਲ ਮੰਚ ਬਣ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਅਕੈਡਮੀ ’ਚ ਲੜਕੀਆਂ ਲਈ ਖੇਡ ਸਿਖਲਾਈ ਦੇ ਨਾਲ-ਨਾਲ ਰਹਿਣ ਦੀ ਸਹੂਲਤ ਵੀ ਉਪਲਬਧ ਹੈ ਤੇ ਅਕੈਡਮੀ ਨਾਲ ਜੁੜੀਆਂ ਖਿਡਾਰਨਾਂ ਨੇ ਜ਼ਿਲ੍ਹਾ, ਸੂਬਾ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਰਾਸ਼ਟਰੀ ਪੱਧਰ ਦੇ ਮੈਡਲ ਹਾਸਲ ਕੀਤੇ ਹਨ।
===========
ਬਾਕਸ-
ਜ਼ਿਲ੍ਹੇ ਦੀਆਂ ਧੀਆਂ ਵੀ ਖੇਡਾਂ ’ਚ ਮਾਰ ਰਹੀਆਂ ਵੱਡੀਆ ਮੱਲਾਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਨੇ ਰੂਪਨਗਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦਿਆਂ ਕੁੜੀਆਂ ਦੀ ਕੈਟਾਗਰੀ ’ਚ ਜ਼ਿਲ੍ਹੇ ਨੂੰ ਸੂਬੇ ’ਚ ਪਹਿਲਾ ਸਥਾਨ ਦਿਵਾਉਣ ’ਚ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸੋਨਲ ਵੱਲੋਂ ਅੰਡਰ-23 ਨੈਸ਼ਨਲ ਪੱਧਰ ’ਤੇ ਸਿਲਵਰ ਦਾ ਮੈਡਲ ਹਾਸਲ ਕੀਤਾ ਹੈ, ਨਾਲ ਹੀ ਇਸ ਹੋਣਹਾਰ ਖਿਡਾਰਨ ਨੇ ਸੀਨੀਅਰ ਸਟੇਟ ’ਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤਨਿਸ਼ਕਾ ਧਨਕੜ ਨੇ ਅੰਡਰ-15 ਨੈਸ਼ਨਲ ’ਚ ਗੋਲਡ ਮੈਡਲ, ਗੁਰਸ਼ਰਨ ਕੌਰ ਨੇ ਅੰਡਰ-15 ਨੈਸ਼ਨਲ ’ਚ ਬਰੌਂਜ਼ ਮੈਡਲ, ਜਦਕਿ ਆਮਨਾ, ਪ੍ਰਭਜੋਤ ਕੌਰ ਤੇ ਪ੍ਰਿਯਾ ਨੇ ਅੰਡਰ-15 ਸਟੇਟ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਸਲੀਨ ਕੌਰ ਨੇ ਅੰਡਰ-15 ਸਟੇਟ ’ਚ ਸਿਲਵਰ ਮੈਡਲ, ਸਿਮਰਨ ਨੇ ਅੰਡਰ-17 ਸਟੇਟ ’ਚ ਗੋਲਡ, ਜਸ਼ਨਦੀਪ ਨੇ ਅੰਡਰ-14 ਸਟੇਟ ’ਚ ਗੋਲਡ ਤੇ ਗੁਰਨੂਰ ਕੌਰ ਨੇ ਅੰਡਰ-12 ’ਚ ਗੋਲਡ ਤੇ ਅੰਡਰ-14 ’ਚ ਬਰੌਂਜ਼ ਮੈਡਲ ਪ੍ਰਾਪਤ ਕੀਤਾ ਹੈ। ਅਵਨੀਤ ਕੌਰ ਨੇ ਅੰਡਰ-12 ਸਟੇਟ ’ਚ ਬਰੌਂਜ਼ ਅਤੇ ਨਵਪ੍ਰੀਤ ਕੌਰ ਨੇ ਅੰਡਰ-15 ਸਟੇਟ ’ਚ ਬਰੌਂਜ਼ ਮੈਡਲ ਹਾਸਲ ਕੀਤਾ।
============
1 ਤੋਂ 4 ਅਕਤੂਬਰ ਤੱਕ ਪਿੰਡ ਅਕਬਰਪੁਰ ਦੇ ਕੁਸ਼ਤੀ ਸੈਂਟਰ ’ਚ ਹੋਣਗੇ ਮੁਕਾਬਲੇ
ਡੀਸੀ ਡੇਚਲਵਾਰ ਨੇ ਦੱਸਿਆ ਕਿ ਦਾਦਾ ਦੇਵ ਰੈਸਲਿੰਗ ਅਕੈਡਮੀ ਦੀਆਂ ਖਿਡਾਰਨਾਂ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਵੀ 1 ਤੋਂ 4 ਅਕਤੂਬਰ ਤੱਕ ਪਿੰਡ ਅਕਬਰਪੁਰ ਦੇ ਕੁਸ਼ਤੀ ਸੈਂਟਰ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਤੇ ਇਹ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ। ਇਨ੍ਹਾਂ ਮੁਕਾਬਲਿਆਂ ’ਚ ਅਕੈਡਮੀ ਦੀਆਂ ਲੜਕੀਆਂ, ਅੰਡਰ-14, ਅੰਡਰ-17 ਤੇ ਅੰਡਰ-21 ਉਮਰ ਵਰਗਾਂ ’ਚ ਭਾਗ ਲੈ ਰਹੀਆਂ ਹਨ। ਖਿਡਾਰਨਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਪੂਰੀ ਮਿਹਨਤ ਨਾਲ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀ ’ਚ ਖਿਡਾਰਨਾਂ ਦੀ ਸਿਖਲਾਈ ਲਈ ਰੈਸਲਿੰਗ ਮੈਟ ਹਾਲ, ਅਖਾੜਾ, ਜਿਮ, ਬਾਸਕਟਬਾਲ/ਵਾਲੀਬਾਲ ਗਰਾਊਂਡ ਤੇ ਰਨਿੰਗ ਟਰੈਕ ਵਰਗੀਆਂ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਖਿਡਾਰਨਾਂ ਲਈ ਏਸੀ ਹੋਸਟਲ, ਮੈੱਸ ਤੇ ਸਕੂਲ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਅਕੈਡਮੀ ਦੇ ਕੋਚਿੰਗ ਸਟਾਫ ’ਚ ਯੋਗਿੰਦਰ ਸਿੰਘ ਤੇ ਰੀਤੂ ਬਾਲਾ ਹਨ, ਜੋ ਲੜਕੀਆਂ ਨੂੰ ਤਕਨੀਕੀ ਤੇ ਉੱਚ ਪੱਧਰੀ ਸਿਖਲਾਈ ਦੇ ਰਹੇ ਹਨ। ਇਸ ਅਕੈਡਮੀ ਦਾ ਉਦੇਸ਼ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਉੱਚ ਪੱਧਰੀ ਖੇਡ ਸਿਖਲਾਈ ਦੇ ਕੇ ਉਨ੍ਹਾਂ ਨੂੰ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ।