ਪੁਰਾਣੀਆਂ ਗੱਡੀਆਂ ਚੋਰੀ ਕਰ ਕਬਾੜੀਏ ਨੂੰ ਵੇਚਣ ਵਾਲੇ 2 ਕਾਬੂ 1 ਫਰਾਰ ਪੁਰਾਣੀਆਂ ਗੱਡੀਆਂ ਚੋਰੀ ਕਰ ਕਬਾੜੀਏ ਨੂੰ ਵੇਚਣ ਵਾਲੇ 2 ਕਾਬੂ 1 ਫਰਾਰ
Publish Date: Wed, 19 Aug 2026 04:52 PM (IST)
Updated Date: Wed, 19 Aug 2026 04:54 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਪੁਰਾਣੀਆਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਨੂੰ ਕੱਟਣ ਵਾਲੇ ਇੱਕ ਅੰਤਰ-ਜ਼ਿਲ੍ਹਾ ਗਿਰੋਹ ਦਾ ਨੰਗਲ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਐੱਨ.ਪੀ.ਐੱਸ. ਲੇਹਲ ਨੇ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਤੀਜੇ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ। ਮੌਕੇ ਤੋਂ ਇੱਕ ਚੋਰੀਸ਼ੁਦਾ ਮਾਰੂਤੀ ਕਾਰ ਵੀ ਬਰਾਮਦ ਕੀਤੀ ਗਈ ਹੈ। ਡੀ.ਐੱਸ.ਪੀ. ਲੇਹਲ ਨੇ ਦੱਸਿਆ ਕਿ ਬੀਤੀ 28 ਅਪ੍ਰੈਲ 2026 ਨੂੰ ਨੰਗਲ ਦੀ ਜਵਾਹਰ ਮਾਰਕੀਟ ਵਿੱਚੋਂ ਇੱਕ ਕਰੀਬ 20 ਸਾਲ ਪੁਰਾਣੀ ਜ਼ੈਨ ਗੱਡੀ ਚੋਰੀ ਹੋਈ ਸੀ, ਜਿਸ ਸਬੰਧੀ ਥਾਣੇ ਵਿੱਚ ਐਫ.ਆਈ.ਆਰ. ਨੰਬਰ 89/26 ਦਰਜ ਕੀਤੀ ਗਈ ਸੀ। ਪੁਲਿਸ ਵੱਲੋਂ ਜਦੋਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਗਈ ਤਾਂ ਸਾਹਮਣੇ ਆਇਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਸਨ ਅਤੇ ਉਨ੍ਹਾਂ ਦਾ ਇੱਕ ਸਾਥੀ ਗੱਡੀ ਚੋਰੀ ਕਰਕੇ ਉਸਨੂੰ ਡਰਾਈਵ ਕਰਕੇ ਲੈ ਗਿਆ। ਚੋਰ ਰੋਪੜ ਅਤੇ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਅਮਲੋਹ ਵੱਲ ਨਿਕਲ ਗਏ ਸਨ। ਇਸੇ ਗਿਰੋਹ ਨੇ ਦੁਬਾਰਾ ਉਸੇ ਤਰਜ਼ ਤੇ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਨੰਗਲ ਦੇ ਇੰਦਰਾ ਨਗਰ ਇਲਾਕੇ ਵਿੱਚੋਂ ਇੱਕ ਹੋਰ ਪੁਰਾਣੀ ਮਾਰੂਤੀ ਕਾਰ ਚੋਰੀ ਕਰ ਲਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਰੋਪੜ ਸਰਦਾਰ ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾਇਤਾਂ ਤੇ ਐੱਸ.ਪੀ. (ਡੀ), ਸੀ.ਆਈ.ਏ. ਇੰਸਪੈਕਟਰ ਮਨਦੀਪ ਸਿੰਘ ਅਤੇ ਐੱਸ.ਐੱਚ.ਓ. ਨੰਗਲ ਦਾਨਿਸ਼ਵੀਰ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਅਤੇ ਕੈਮਰਿਆਂ ਦੀ ਮਦਦ ਨਾਲ ਅਮਲੋਹ ਨੇੜਲੇ ਪਿੰਡ ਅਲੀਪੁਰ ਵਿਖੇ ਇੱਕ ਕਬਾੜੀਏ ਦੀ ਦੁਕਾਨ ਤੇ ਛਾਪਾ ਮਾਰਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਉਸ ਜਗ੍ਹਾ ਪਹੁੰਚ ਗਈ ਜਿੱਥੇ ਇਹ ਚੋਰ ਗੱਡੀਆਂ ਨੂੰ ਕਟਰ ਨਾਲ ਕੱਟ ਰਹੇ ਸਨ ਅਤੇ ਚੋਰੀ ਕੀਤੀ ਮਾਰੂਤੀ ਕਾਰ ਮੌਕੇ ਤੋਂ ਬਰਾਮਦ ਕਰ ਲਈ ਗਈ। ਪੁਲਿਸ ਨੇ ਮੌਕੇ ਤੋਂ ਗੱਡੀਆਂ ਖਰੀਦਣ ਅਤੇ ਕੱਟਣ ਵਾਲੇ ਕਬਾੜੀਏ ਕਾਲਾ ਰਾਮ (ਪੁੱਤਰ ਪ੍ਰੀਤਮ ਸਿੰਘ, ਵਾਸੀ ਅਲੀਪੁਰ, ਸੰਦੌਲ, ਥਾਣਾ ਅਮਲੋਹ) ਅਤੇ ਇੱਕ ਚੋਰ ਜਗਜੀਤ ਸਿੰਘ ਉਰਫ਼ ਗੱਗਾ (ਪੁੱਤਰ ਗੁਰਰਾਜ ਸਿੰਘ, ਵਾਸੀ ਸਹੌਲੀ, ਜ਼ਿਲ੍ਹਾ ਪਟਿਆਲਾ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦਾ ਮੁੱਖ ਦੋਸ਼ੀ ਹਰਨੇਕ ਸਿੰਘ (ਪੁੱਤਰ ਮਲਕੀਤ ਸਿੰਘ, ਵਾਸੀ ਪਿੰਡ ਕਪੂਰਗੜ੍ਹ, ਥਾਣਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਅਜੇ ਫਰਾਰ ਹੈ। ਡੀ.ਐੱਸ.ਪੀ. ਲੇਹਲ ਨੇ ਗਿਰੋਹ ਦੇ ਕੰਮ ਕਰਨ ਦੇ ਤਰੀਕੇ ਬਾਰੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਚੋਰ ਸਿਰਫ਼ 20 ਤੋਂ 25 ਸਾਲ ਪੁਰਾਣੀਆਂ ਗੱਡੀਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਇਹਨਾਂ ਦਾ ਮੰਨਣਾ ਸੀ ਕਿ ਪੁਰਾਣੀਆਂ ਗੱਡੀਆਂ ਦੀ ਇੰਸ਼ੋਰੈਂਸ ਖਤਮ ਹੋ ਚੁੱਕੀ ਹੁੰਦੀ ਹੈ, ਜਿਸ ਕਾਰਨ ਮਾਲਕ ਗੱਡੀ ਚੋਰੀ ਹੋਣ ਤੇ ਜ਼ਿਆਦਾ ਸ਼ੋਰ-ਸ਼ਰਾਬਾ ਜਾਂ ਰੌਲਾ-ਰੱਪਾ ਨਹੀਂ ਪਾਉਂਦੇ ਅਤੇ ਨਾ ਹੀ ਕੇਸ ਦੀ ਜ਼ਿਆਦਾ ਪੈਰਵੀ ਕਰਦੇ ਹਨ। ਚੋਰੀ ਕਰਨ ਤੋਂ ਬਾਅਦ ਇਹ ਗੱਡੀ ਕਬਾੜੀਏ ਕੋਲ ਲਿਆ ਕੇ ਕੱਟ ਦਿੰਦੇ ਸਨ ਅਤੇ ਪੁਰਜ਼ੇ ਵੇਚ ਕੇ ਪੈਸੇ ਕਮਾਉਂਦੇ ਸਨ। ਪੁਲਿਸ ਮੁਤਾਬਕ ਇਹਨਾਂ ਮੁਲਜ਼ਮਾਂ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਚੋਰੀ ਹੋਏ ਹੋਰ ਸਮਾਨ ਅਤੇ ਹੋਰਨਾਂ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।ਗੱਡੀਆਂ ਦੇ ਮਾਲਕਾਂ ਨੂੰ ਵੀ ਬੁਲਾ ਕੇ ਸ਼ਨਾਖਤ ਕਰਵਾਈ ਜਾਵੇਗੀ।