ਪਲੇਸਮੈਂਟ ਕੈਂਪ ’ਚ 15 ਉਮੀਦਵਾਰਾਂ ਦੀ ਚੋਣ, 9 ਸ਼ਾਰਟਲਿਸਟ ਪਲੇਸਮੈਂਟ ਕੈਂਪ ਵਿਚ 15 ਉਮੀਦਵਾਰਾਂ ਦੀ ਚੋਣ, 9 ਸ਼ਾਰਟਲਿਸਟ
Publish Date: Sat, 24 Oct 2026 04:48 PM (IST)
Updated Date: Sat, 24 Oct 2026 04:52 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵੱਖ-ਵੱਖ ਕੰਪਨੀਆਂ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ, ਜਿਸ ’ਚ 15 ਉਮੀਦਵਾਰਾਂ ਦੀ ਚੋਣ ਕੀਤੀ ਗਈ ਅਤੇ 9 ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੁਖਮਨ ਮਾਨ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਦੌਰਾਨ ਭਾਖੜਾ ਸਰਵਿਸ ਸਟੇਸ਼ਨ ਅਤੇ ਏਰੀਅਲ ਟੈਲੀਕਾਮ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਕੁੱਲ 93 ਅਸਾਮੀਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਉਨ੍ਹਾਂ ਦੱਸਿਆ ਕਿ ਭਾਖੜਾ ਸਰਵਿਸ ਸਟੇਸ਼ਨ ਵੱਲੋਂ 53 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਨ੍ਹਾਂ ਅਸਾਮੀਆਂ ’ਚ ਐੱਚਆਰ. ਐਗਜ਼ੀਕਿਊਟਿਵ, ਸਰਵਿਸ ਮੈਨੇਜਰ, ਅਕਾਊਂਟੈਂਟ, ਕੈਸ਼ੀਅਰ, ਫੀਲਡ ਸੇਲਜ਼ ਐਗਜ਼ੀਕਿਊਟਿਵ, ਇੰਸ਼ੋਰੈਂਸ ਕੰਸਲਟੈਂਟ, ਆਰ.ਸੀ. ਕੰਸਲਟੈਂਟ, ਕਸਟਮਰ ਕੇਅਰ ਐਗਜ਼ੀਕਿਊਟਿਵ, ਟੈਕਨੀਸ਼ੀਅਨ, ਸਟੋਰ ਕੀਪਰ, ਸੁਰੱਖਿਆ ਗਾਰਡ, ਵਾਸ਼ਿੰਗ ਬੁਆਏ, ਪੈਂਟਰੀ ਅਟੈਂਡੈਂਟ ਅਤੇ ਹਾਊਸਕੀਪਿੰਗ ਬੁਆਏ ਸਮੇਤ ਹੋਰ ਅਸਾਮੀਆਂ ਸ਼ਾਮਲ ਸਨ। ਇਨ੍ਹਾਂ ਅਸਾਮੀਆਂ ਲਈ ਪੰਜਵੀਂ, ਅੱਠਵੀਂ, ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਬੀਕਾਮ., ਐੱਮਕਾਮ., ਆਈਟੀਆਈ. ਜਾਂ ਡਿਪਲੋਮਾ ਆਦਿ ਵਿੱਦਿਅਕ ਯੋਗਤਾਵਾਂ ਵਾਲੇ ਉਮੀਦਵਾਰਾਂ ਨੇ ਇੰਟਰਵਿਊ ਦਿੱਤੀ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦੇ ਸਥਾਨ ਰੂਪਨਗਰ, ਮੋਰਿੰਡਾ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਅਤੇ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਨਿਰਧਾਰਿਤ ਕੀਤੇ ਗਏ ਸਨ। ਚੁਣੇ ਗਏ ਉਮੀਦਵਾਰਾਂ ਦੀ ਤਨਖ਼ਾਹ ਇੰਟਰਵਿਊ ਅਤੇ ਤਜਰਬੇ ਦੇ ਆਧਾਰ ’ਤੇ ਨਿਰਧਾਰਿਤ ਕੀਤੀ ਜਾਵੇਗੀ। ਇਸੇ ਤਰ੍ਹਾਂ ਏਰੀਅਲ ਟੈਲੀਕਾਮ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਟੈਲੀ ਕਾਲਰ ਕਮ ਡਾਟਾ ਐਂਟਰੀ ਓਪਰੇਟਰ ਦੀਆਂ ਕੁੱਲ 40 ਅਸਾਮੀਆਂ ਲਈ ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਮੋਹਾਲੀ ਸੀ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਅਸਾਮੀ ਅਤੇ ਯੋਗਤਾ ਅਨੁਸਾਰ 12,000 ਰੁਪਏ ਤੋਂ 18,000 ਰੁਪਏ ਤੱਕ ਮਹੀਨਾਵਾਰ ਤਨਖ਼ਾਹ ਦਿੱਤੀ ਜਾਣੀ ਹੈ। ਇਸ ਮੌਕੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੀ ਸੰਯੁਕਤ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਵਿਸ਼ੇਸ਼ ਤੌਰ ’ਤੇ ਕੈਂਪ ਵਿੱਚ ਸ਼ਿਰਕਤ ਕਰਦਿਆਂ ਉਮੀਦਵਾਰਾਂ ਨੂੰ ਅਗਵਾਈ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਮਿਲਣ ’ਤੇ ਉਸ ਨੂੰ ਸਵੀਕਾਰ ਕਰਨ ਅਤੇ ਕੰਮ ਪ੍ਰਤੀ ਸਮਰਪਣ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।