ਟਿੱਪਰ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ ਟਿੱਪਰ ਅਤੇ ਮੋਟਰਸਾਇਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ
Publish Date: Sat, 03 Oct 2026 05:37 PM (IST)
Updated Date: Sat, 03 Oct 2026 05:38 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਥਾਣਾ ਔੜ ਅਧੀਨ ਆਉਂਦੇ ਕਸਬਾ ਔੜ ਵਿਖੇ ਇਕ ਟਿੱਪਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਗੰਭੀਰ ਜ਼ਖ਼ਮੀ ਨੌਜਵਾਨ ਅਨਮੋਲ ਅਰੋੜਾ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਮੌਕੇ ਤੋਂ ਟਿੱਪਰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਟਿੱਪਰ ਚਾਲਕ ਨੂੰ ਸਥਾਨਕ ਲੋਕਾਂ ਨੇ ਪਿੱਛਾ ਕਰ ਕੇ ਕਾਬੂ ਕੀਤਾ ਹੈ। ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਬੀਤੇ ਦਿਨੀਂ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਔਰਤ ਦੀ ਮੌਤ, ਦੂਜੀ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਇਕ ਹੋਰ ਟਿੱਪਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਨੌਜਵਾਨ ਦੀ ਮੌਤ ’ਤੇ ਚਿੰਤਾ ਜਤਾਉਂਦੇ ਹੋਏ ਇਲਾਕੇ ਵਿਚੋਂ ਟਿੱਪਰਾਂ ਦੇ ਲਾਂਘੇ ਦੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਨਮੋਲ ਅਰੋੜਾ ਉਮਰ 25 ਸਾਲ ਦੇ ਰੂਪ ਵਿਚ ਹੋਈ ਹੈ। ਜੋ ਕਿ ਵਿਆਹਿਆ ਹੋਇਆ ਸੀ ਅਤੇ ਉਸ ਦਾ ਡੇਢ ਸਾਲ ਦਾ ਇੱਕ ਬੇਟਾ ਵੀ ਹੈ। ਅਨਮੋਲ ਅਰੋੜਾ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਨਮੋਲ ਅਰੋੜਾ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਲਾਕੇ ਦੇ ਲੋਕਾਂ ਨੇ ਕਸਬਾ ਔੜ ’ਚ ਦਿਨ ਦੇ ਸਮੇਂ ਟਿੱਪਰਾਂ ਦੇ ਲਾਂਘੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਨੇ ਇਲਾਕੇ ਵਿਚ ਸੜਕ ਸੁਰੱਖਿਆ ਮੁਹਿੰਮ ਨੂੰ ਜੰਗੀ ਪੱਧਰ ’ਤੇ ਚਲਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਮਨਮਰਜ਼ੀ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਰੋਕਿਆ ਜਾ ਸਕੇ। ਪੁਲਿਸ ਥਾਣਾ ਔੜ ਦੀ ਐੱਸਐੱਚਓ ਨਰੇਸ਼ ਕੁਮਾਰੀ ਨੇ ਦੱਸਿਆ ਕਿ ਜ਼ਖ਼ਮੀ ਅਨਮੋਲ ਅਰੋੜਾ ਨੂੰ ਸਮੇਂ ਸਿਰ ਇਲਾਜ ਲਈ ਪਹਿਲਾਂ ਰਾਕੇਸ਼ ਮੈਡੀਸਿਟੀ ਵਿਖੇ ਦਾਖਲ ਕਰਵਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਪਰ ਜ਼ਖ਼ਮਾਂ ਦੀ ਤਾਵ ਨਾ ਸਹਿੰਦੇ ਹੋਏ ਅਨਮੋਲ ਅਰੋੜਾ ਦਮ ਤੋੜ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਟਿੱਪਰ ਅਤੇ ਉਸ ਦੇ ਚਾਲਕ ਅਤੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।