ਨਵਾਂਸ਼ਹਿਰ 'ਚ ਯੂਥ ਅਕਾਲੀ ਦਲ ਨੇ ਕਾਂਗਰਸ ਤੇ ਸੱਜਣ ਕੁਮਾਰ ਦਾ ਪੁਤਲਾ ਫੂਕਿਆ ਨਵਾਂਸ਼ਹਿਰ 'ਚ ਯੂਥ ਅਕਾਲੀ ਦਲ ਨੇ ਕਾਂਗਰਸ ਅਤੇ ਸੱਜਣ ਕੁਮਾਰ ਦਾ ਪੁਤਲਾ ਫੂੰਕਿਆ
Publish Date: Mon, 24 Aug 2026 04:47 PM (IST)
Updated Date: Mon, 24 Aug 2026 04:48 PM (IST)
ਸੱਜਣ ਕੁਮਾਰ ਕਾਂਗਰਸੀਆਂ ਦਾ ਰੋਲ ਮਾਡਲ ਹੋ ਸਕਦਾ ਮੁਲਕ ਦਾ ਨਹੀਂ : ਸ਼ੁਕਾਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਯੂਥ ਅਕਾਲੀ ਦਲ ਵੱਲੋਂ ਨਵਾਂਸ਼ਹਿਰ ਚ ਸੱਜਣ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਸੱਜਣ ਕੁਮਾਰ ਸਿੱਖਾਂ ਦਾ ਕਾਤਲ ਹੈ, ਪਰ ਸਰਕਾਰਾਂ ਉਸ ਨੂੰ ਫਾਹੇ ਨਹੀਂ ਲਾ ਸਕੀਆਂ, ਉਸ ਨੇ 1984 ਚ ਦਿੱਲੀ ਦੇ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਗਲਾਂ ਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜਿਆ, ਜਿਸ ਕਾਰਨ ਕਈ ਸਿੱਖਾਂ ਨੂੰ ਆਪਣੇ ਕਾਰੋਬਾਰ ਤੇ ਪ੍ਰਾਪਰਟੀਆਂ ਛੱਡ ਕੇ ਪੰਜਾਬ ਵਾਪਸ ਆਉਣਾ ਪਿਆ। ਬੇਸ਼ਕ ਸੱਜਣ ਕੁਮਾਰ ਬੀਤੇ ਦਿਨੀਂ ਇਸ ਦੁਨੀਆ ਤੋਂ ਚਲਿਆ ਗਿਆ ਹੈ ਪਰ ਉਸ ਨੂੰ ਪ੍ਰੋਟੈਕਟ ਕਰਨ ਵਾਲੀ ਕਾਂਗਰਸ ਸਰਕਾਰ ਦੇ ਰਾਹੁਲ ਗਾਂਧੀ ਵੱਲੋਂ ਸੱਜਣ ਕੁਮਾਰ ਨੂੰ ਮੁਲਕ ਦਾ ਰੋਲ ਮਾਡਲ ਦੱਸਿਆ ਜਾ ਰਿਹਾ ਹੈ। ਇਹੀ ਨਹੀਂ ਕਾਂਗਰਸੀ ਨੇਤਾ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕਾਂਗਰਸ ਦੀ ਸਿੱਖ ਵਿਰੋਧੀ ਨੀਤੀ ਜਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ 1984 ਚ ਸਿੱਖਾਂ ’ਤੇ ਜੁਲਮ ਢਾਹੁਣ ਵਾਲੀ ਕਾਂਗਰਸ ਸਰਕਾਰ ਅੱਜ ਸੱਜਣ ਕੁਮਾਰ ਦਾ ਪੂਰੇ ਮਾਣ-ਸਨਮਾਨ ਨਾਲ ਅੰਤਿਮ ਸਸਕਾਰ ਕਰ ਰਹੀ ਹੈ ਤੇ ਉਸ ਨੂੰ ਕਾਂਗਰਸ ਦਾ ਰੋਲ ਮਾਡਲ ਆਖ ਰਹੀ ਹੈ, ਜਿਸ ਦੇ ਰੋਸ ਵਜੋਂ ਯੂਥ ਅਕਾਲੀ ਦਲ ਵੱਲੋਂ ਸਾਰੇ ਪੰਜਾਬ ਵਿਚ ਸੱਜਣ ਕੁਮਾਰ ਦੇ ਪੁਤਲੇ ਫੁਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਸੱਜਣ ਕੁਮਾਰ ਨੂੰ ਦਿੱਤੇ ਜਾ ਰਿਹਾ ਸਤਿਕਾਰ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਕਾਂਗਰਸ ਹਮੇਸ਼ਾ ਸਿੱਖ ਵਿਰੋਧੀ ਰਹੀ ਹੈ ਤੇ ਜੋ ਕੁੱਝ ਸਿੱਖਾਂ ਨਾਲ ਹੋਇਆ ਉਸ ਨੂੰ ਜਾਇਜ਼ ਆਖ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਚ ਯੂਥ ਅਕਾਲੀ ਦਲ ਵੱਲੋਂ ਚੰਡੀਗੜ੍ਹ ਚੌਂਕ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਭਰੋਲੀ ਦੀ ਅਪੀਲ ਤੇ ਉਹ ਅੱਜ ਇਥੇ ਸੱਜਣ ਕੁਮਾਰ ਦਾ ਪੁਤਲਾ ਫੂਕਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਸਾਡੇ ਲਈ ਕੁੱਝ ਨਹੀਂ ਹੈ, ਉਹ ਸਾਡੇ ਲਈ ਦੋਸ਼ੀ ਹੈ, ਉਹ ਕਦੇ ਵੀ ਮੁਲਕ ਦਾ ਰੋਲ ਮਾਡਲ ਨਹੀਂ ਹੋ ਸਕਦਾ ਕਿਉਂਕਿ ਉਸ ਨੇ ਦਿੱਲੀ ਵਿਚ 10 ਹਜ਼ਾਰ ਤੋਂ ਵੱਧ ਬੇਗੁਨਾਹ ਲੋਕਾਂ ’ਤੇ ਜੁਲਮ ਢਾਹਿਆ ਸੀ। ਇਸ ਮੌਕੇ ਕੌਂਸਲਰ ਪਰਮ ਸਿੰਘ ਖ਼ਾਲਸਾ ਨੇ ਕਿਹਾ ਕਿ 1984 ਦੇ ਸਿੱਖ ਕਤਲੇ ਆਮ ਦੇ ਕਥਿਤ ਮੁਲਜ਼ਮ ਸੱਜਣ ਕੁਮਾਰ ਨੂੰ ਕਾਂਗਰਸੀ ਨੇਤਾਵਾਂ ਵੱਲੋਂ ਕਾਂਗਰਸ ਦਾ ਰੋਲ ਮਾਡਲ ਦੱਸਣਾ ਅਤਿ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ 1984 ਦੇ ਦੰਗੇ ਵਿਚ ਦੋਸ਼ੀ ਕਾਂਗਰਸ ਤੇ ਸੱਜਣ ਕੁਮਾਰ ਨੂੰ ਸਿੱਖ ਕਦੇ ਮੁਆਫ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਿੱਖਾਂ ਦੇ ਜ਼ਖਮ ਹਰੇ ਹੋ ਗਏ ਹਨ। ਇਸ ਮੌਕੇ ਰਿਟਾ. ਡੀਈਓ ਦਿਨੇਸ਼ ਕੁਮਾਰ, ਯੂਥ ਅਕਾਲੀ ਦਲ ਦੇ ਅਹੁਦੇਦਾਰ, ਵਰਕਰ ਤੇ ਰਿਟਾ. ਡੀਈਓ ਦਿਨੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।