
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਤੀਬਾੜੀ ਕਾਲਜ 'ਚ ਯੋਗ ਤੇ ਧਿਆਨ ਕੈਂਪ ਲਗਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਇੱਕ ਯੋਗ ਅਤੇ ਧਿਆਨ ਕੈਂਪ ਖੇਤੀਬਾੜੀ ਕਾਲਜ ਦੇ ਮੇਨ ਹਾਲ ਵਿਖੇ ਲਗਾਇਆ। ਕਾਲਜ ਦੇ ਡੀਨ, ਡਾ. ਮਨਮੋਹਨਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਵਿਚ ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ ਅਤੇ ਸੰਤੁਲਿਤ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਵਿਚ ਯੋਗਾ ਅਤੇ ਧਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸੈਸ਼ਨ ਦਾ ਸੰਚਾਲਨ ਝੀਲ ਸੂਦ, ਸ਼ਰਦ ਸੂਦ ਅਤੇ ਉਨ੍ਹਾਂ ਦੀ ਸਮਰਪਿਤ ਟੀਮ ਵੱਲੋਂ ਕੀਤਾ। ਉਨ੍ਹਾਂ ਵੱਖ-ਵੱਖ ਯੋਗ ਆਸਣਾਂ, ਸਾਹ ਲੈਣ ਦੀਆਂ ਕਸਰਤਾਂ, ਵਿਸ਼ਰਾਮ ਤਕਨੀਕਾਂ ਅਤੇ ਧਿਆਨ ਅਭਿਆਸ ਕਰਵਾਏ। ਇਸ ਦੌਰਾਨ ਤਣਾਅ ਪ੍ਰਬੰਧਨ, ਇਕਾਗਰਤਾ ਅਤੇ ਸਮੁੱਚੀ ਸਿਹਤ ਤੇ ਤੰਦਰੁਸਤੀ ਲਈ ਇਨ੍ਹਾਂ ਅਭਿਆਸਾਂ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਵਿਚ ਕਾਲਜ ਦੇ ਸਮੂਹ ਅਧਿਆਪਕ ਅਤੇ ਦਫ਼ਤਰੀ ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਸਮੇਂ ਸਾਰਿਆਂ ਨੂੰ ਯੋਗਾ ਅਤੇ ਧਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿਚ ਡਾ. ਮਨਮੋਹਨਜੀਤ ਸਿੰਘ ਵੱਲੋਂ ਇਸ ਪ੍ਰੇਰਨਾਦਾਇਕ ਅਤੇ ਲਾਭਦਾਇਕ ਸੈਸ਼ਨ ਦਾ ਆਯੋਜਨ ਕਰਨ ਲਈ ਪੂਰੀ ਟੀਮ ਦਾ ਧੰਨਵਾਦ ਕੀਤਾ।