ਬਹਿਰਾਮ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਬਹਿਰਾਮ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ
Publish Date: Fri, 30 Oct 2026 04:52 PM (IST)
Updated Date: Fri, 30 Oct 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਹਿਰਾਮ : ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ਤੇ ਬਹਿਰਾਮ ਵਿਖੇ ਮਮਤਾ ਹੈਲਥ ਇੰਸਟੀਚਿਊਟ ਫਾਰ ਮਦਰ ਐਂਡ ਚਾਈਲਡ ਵੱਲੋਂ ਪੰਜਾਬ ਦੇ ਰਾਸ਼ਟਰੀ ਬਜ਼ੁਰਗ ਸਿਹਤ ਸੰਭਾਲ ਪ੍ਰੋਗਰਾਮ ਦੇ ਸਹਿਯੋਗ ਨਾਲ ਜੇਰੀਐਟ੍ਰਿਕ ਕੇਅਰ ਪਹਿਲ ਕਦਮੀ ਅਧੀਨ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸਿਹਤ ਜਾਂਚ ਕੈਂਪ ਲਗਾਇਆ। ਜੋ ਡਾ. ਗਗਨਦੀਪ ਸਿੰਘ ਗਰੋਵਰ ਸਟੇਟ ਪ੍ਰੋਗਰਾਮ ਅਫ਼ਸਰ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ। ਪ੍ਰੋਗਰਾਮ ਦੌਰਾਨ ਡਾ. ਸੁਰਭੀ ਰਤਨ ਅਸਿਸਟੈਂਟ ਪ੍ਰੋਗਰਾਮ ਅਫ਼ਸਰ ਅਤੇ ਡਾ. ਅਭਿਸ਼ੇਕ ਗੁਲੇਰੀਆ ਸੀਨੀਅਰ ਪ੍ਰੋਗਰਾਮ ਮੈਨੇਜਰ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਮੈਡੀਕਲ ਅਫ਼ਸਰ, ਐਲਐਚਵੀ, ਕਮਿਊਨਿਟੀ ਹੈਲਥ ਅਫ਼ਸਰ, ਏਐਨਐਮ ਅਤੇ ਮਮਤਾ ਹੈਲਥ ਇੰਸਟੀਚਿਊਟ ਦੀ ਟੀਮ ਵੀ ਮੌਜੂਦ ਰਹੀ। ਪ੍ਰੋਗਰਾਮ ਦੌਰਾਨ ਬਜ਼ੁਰਗਾਂ ਨੂੰ ਸਟ੍ਰੋਕ ਤੋਂ ਬਚਾਅ, ਇਸ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ, ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਅਤੇ ਨਿਯਮਿਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਬਜ਼ੁਰਗਾਂ ਦੀ ਸਿਹਤ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਸਟ੍ਰੋਕ ਸਮੇਤ ਹੋਰ ਗੈਰ-ਸੰਚਾਰੀ ਬਿਮਾਰੀਆਂ ਨਾਲ ਸੰਬੰਧਤ ਸੰਭਾਵਿਤ ਜੋਖਮ ਕਾਰਕਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੀ ਸਿਹਤ ਜਾਂਚ ਵੀ ਕੀਤੀ। ਇਸ ਪਹਿਲ ਕਦਮੀ ਦਾ ਮੁੱਖ ਉਦੇਸ਼ ਕਮਿਊਨਿਟੀ ਪੱਧਰ ਤੇ ਸਟ੍ਰੋਕ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਵਧਾਉਣਾ ਅਤੇ ਬਜ਼ੁਰਗਾਂ ਵਿਚ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਬਜ਼ੁਰਗਾਂ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਗੰਭੀਰ ਪੇਚੀਦਗੀਆਂ ਅਤੇ ਅਪੰਗਤਾ ਤੋਂ ਬਚਣ ਲਈ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ। ਅਜਿਹੀਆਂ ਕਮਿਊਨਿਟੀ ਪੱਧਰ ਦੀਆਂ ਪਹਿਲਕ ਦਮੀਆਂ ਰਾਹੀਂ ਮਮਤਾ ਹੈਲਥ ਇੰਸਟੀਚਿਊਟ ਫਾਰ ਮਦਰ ਐਂਡ ਚਾਈਲਡ, ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਬਜ਼ੁਰਗਾਂ ਲਈ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ, ਰੋਕਥਾਮ ਸੰਬੰਧੀ ਸਿਹਤ ਜਾਂਚ ਦੀ ਸਹੂਲਤ ਵਧਾਉਣ ਅਤੇ ਬਜ਼ੁਰਗਾਂ ਵਿਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਪ੍ਰੋਗਰਾਮ ਰਾਹੀਂ ਮਮਤਾ ਹੈਲਥ ਇੰਸਟੀਚਿਊਟ ਫਾਰ ਮਦਰ ਐਂਡ ਚਾਈਲਡ ਅਤੇ ਸਿਹਤ ਵਿਭਾਗ ਪੰਜਾਬ ਨੇ ਬਜ਼ੁਰਗ ਨਾਗਰਿਕਾਂ ਨੂੰ ਸੁਖਾਲੀਆਂ, ਰੋਕਥਾਮ-ਅਧਾਰਿਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ।