- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਲ ਸਾਗਰ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ। ਸਕੂਲ ’ਚ ਪੰਜਾਬੀ ਅਧਿਆਪਕਾ ਤਜਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਮੰਚ ਸੰਚਾਲਨ ਪ੍ਰਭਜੋਤ ਕੌਰ ਵੱਲੋਂ ਸੁਚੱਜੇ ਢੰਗ ਨਾਲ ਕੀਤਾ। ਪ੍ਰੋਗਰਾਮ ਦੌਰਾਨ ਤਨਵੀਰ ਕੌਰ ਨੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਭਾਵਪੂਰਤ ਕਵਿਤਾ ਪੇਸ਼ ਕੀਤੀ। ਜਦਕਿ ਜਸ਼ਨਪ੍ਰੀਤ ਨੇ ਪੰਜਾਬੀ ਭਾਸ਼ਾ ਦੀ ਮਹਿਮਾ ਦਾ ਗੁਣਗਾਨ ਕਰਦਾ ਸੁਰੀਲਾ ਗੀਤ ਪੇਸ਼ ਕੀਤਾ। ਗੁਰਕੀਰਤ ਕੌਰ ਨੇ ਵਿਸ਼ਵ ਪੰਜਾਬੀ ਦਿਵਸ ਦੇ ਮਹੱਤਵ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਗੁਰਪੁਨੀਤ ਕੌਰ ਨੇ ਮਾਂ-ਬੋਲੀ ਪੰਜਾਬੀ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਪ੍ਰਣ ਦਿਵਾਇਆ। ਜਸਰੀਤ ਸੈਣੀ ਵੱਲੋਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸਵਾਲਾਂ ਦੀ ਰੌਚਕ ਖੇਡ ਕਰਵਾਈ ਗਈ ਅਤੇ ਹਰਪ੍ਰੀਤ ਕੌਰ ਨੇ ਅੱਜ ਦਾ ਵਿਚਾਰ ਸਾਂਝਾ ਕੀਤਾ। ਇਸ ਵਿਲੱਖਣ ਉਪਰਾਲੇ ਤਹਿਤ ਸਕੂਲ ਦੇ ਸਮੂਹ ਅਧਿਆਪਕਾਂ ਨੇ ਮਾਂ ਬੋਲੀ ਪੰਜਾਬੀ ਨੂੰ ਸਤਿਕਾਰ ਦਿੰਦਿਆਂ ਇੱਕ ਚਾਰਟ ਉੱਤੇ ਪੰਜਾਬੀ ਦਾ ਇੱਕ ਮੁਹਾਵਰਾ ਜਾਂ ਅਖਾਣ ਲਿਖ ਕੇ ਪੰਜਾਬੀ ਵਿਚ ਆਪਣੇ ਦਸਤਖ਼ਤ ਕੀਤੇ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਪ੍ਰਿੰ. ਮੀਨਾਕਸ਼ੀ ਚੱਢਾ ਨੇ ਕਿਹਾ ਕਿ ਮਾਂ ਬੋਲੀ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਵਿਰਾਸਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਪੜ੍ਹਨ, ਲਿਖਣ ਅਤੇ ਰੋਜ਼ਾਨਾ ਜੀਵਨ ਵਿਚ ਵੱਧ ਤੋਂ ਵੱਧ ਵਰਤਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਵਾਈਸ ਪ੍ਰਿੰ. ਗੁਰਪ੍ਰੀਤ ਸਿੰਘ, ਵਾਈਸ ਪ੍ਰਿੰ. ਪ੍ਰੇਮਜੀਤ ਕੌਰ, ਵਾਈਸ ਪ੍ਰਿੰ. ਉਂਕਾਰ ਸਿੰਘ, ਕੋਆਰਡੀਨੇਟਰ ਤਜਿੰਦਰ ਕੌਰ, ਕੋਆਰਡੀਨੇਟਰ ਮਮਤਾ, ਸੰਗੀਤ ਅਧਿਆਪਕ ਜੱਸਾ ਸਿੰਘ ਅਤੇ ਕੋਆਰਡੀਨੇਟਰ ਬਲਵਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।