ਫਾਰਮਾਸਿਸਟ ਹਮੇਸ਼ਾ ਲੋਕਾਂ ਦੀ ਭਲਾਈ ਲਈ ਰਹਿੰਦੇ ਤੱਤਪਰ : ਡਾ. ਸੇਠੀ ਕੇਸੀ ਫਾਰਮੇਸੀ ਕਾਲਜ 'ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ
Publish Date: Sun, 27 Sep 2026 05:22 PM (IST)
Updated Date: Mon, 28 Sep 2026 04:01 AM (IST)
ਕੇਸੀ ਫਾਰਮੇਸੀ ਕਾਲਜ ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਕਾਲਜ ਆਫ ਫਾਰਮੇਸੀ ਚ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਦੀ ਦੇਖ-ਰੇਖ ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ। ਇਸ ਮੌਕੇ ਕਾਲਜ ਚ ਪੋਸਟਰ ਮੇਕਿੰਗ, ਕੁਇਜ਼ ਅਤੇ ਫਾਰਮਾਸਿਸਟ ਦੀ ਭੂਮਿਕਾ ਤੇ ਨੁੱਕੜ ਨਾਟਕ ਕਰਵਾਏ ਗਏ। ਸਮਾਗਮ ਤੋਂ ਪਹਿਲਾਂ ਡਿਵੈਲਪਮੈਂਟ ਆਫ ਨੌਵਲ ਸਿੰਥੈਟਿਕ ਪ੍ਰੋਸੈਸਿਜ਼ ਫਾਰ ਏਪੀਆਈ ਵਿਸ਼ੇ ਤੇ ਮੋਹਾਲੀ ਸਥਿਤ ਨਾਈਪਰ ਦੇ ਫਾਰਮਾਸਿਊਟੀਕਲ ਟੈਕਨਾਲੋਜੀ ਵਿਭਾਗ ਦੇ ਮੁੱਖੀ ਅਤੇ ਸਹਾਇਕ ਪ੍ਰੋਫੈਸਰ ਡਾ. ਮਨਜਿੰਦਰ ਸਿੰਘ ਗਿੱਲ ਵੱਲੋਂ ਗੈਸਟ ਲੈਕਚਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਅਤੇ ਵਿਭਾਗ ਮੁਖੀ ਅਮਨਜੋਤ ਕੌਰ ਵੱਲੋਂ ਮੁੱਖ ਵਕਤਾ ਦੇ ਨਾਲ ਜੋਤੀ ਪ੍ਰਜਵਲਿਤ ਕਰਕੇ ਸ਼ੁਰੂਆਤ ਕੀਤੀ। ਮੁੱਖ ਬੁਲਾਰੇ ਡਾ. ਮਨਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟ (ਏਪੀਆਈ) ਲਈ ਨਵੀਆਂ ਸਿੰਥੈਟਿਕ ਪ੍ਰਕਿਰਿਆਵਾਂ ਦਾ ਵਿਕਾਸ ਫਾਰਮਾਸਿਊਟੀਕਲ ਕੈਮਿਸਟਰੀ ਦਾ ਮਹੱਤਵਪੂਰਨ ਖੇਤਰ ਹੈ। ਇਸ ਦਾ ਮੁੱਖ ਉਦੇਸ਼ ਦਵਾਈਆਂ ਦੇ ਨਿਰਮਾਣ ਨੂੰ ਵਧੇਰੇ ਕਿਫਾਇਤੀ, ਸੁਰੱਖਿਅਤ ਤੇ ਵਾਤਾਵਰਣ ਪੱਖੋਂ ਅਨੁਕੂਲ ਬਣਾਉਣਾ ਹੈ। ਨਵੀਆਂ ਸਿੰਥੈਟਿਕ ਪ੍ਰਕਿਰਿਆਵਾਂ ਨਾਲ ਲਾਗਤ ਘਟਾਉਣ, ਵਾਤਾਵਰਣ ਦੀ ਸੁਰੱਖਿਆ ਅਤੇ ਉੱਚ ਕੁਸ਼ਲਤਾ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰਸਾਇਣਕ ਉਤਪ੍ਰੇਰਕਾਂ ਦੀ ਥਾਂ ਕੁਦਰਤੀ ਐਜ਼ਾਈਮਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਕਚਰਾ ਵੀ ਘੱਟ ਪੈਦਾ ਹੁੰਦਾ ਹੈ। ਰਵਾਇਤੀ ਬੈਂਚ ਪ੍ਰੋਸੈਸ ਦੀ ਬਜਾਏ ਰਸਾਇਣਾਂ ਨੂੰ ਲਗਾਤਾਰ ਟਿਊਬ ਜਾਂ ਪਾਈਪ ਰਾਹੀਂ ਗੁਜ਼ਾਰਨ ਨਾਲ ਸੁਰੱਖਿਆ ਵਧਦੀ ਹੈ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਡਾ. ਗਿੱਲ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਫਾਰਮਾਸਿਸਟ ਦਿਵਸ ਦਾ ਥੀਮ ਫਾਰਮਾਸਿਸਟ : ਵਿਸ਼ਵ ਵਿਆਪੀ ਸਿਹਤ ਲੋੜਾਂ ਦੀ ਪੂਰਤੀ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਉਦੇਸ਼ ਦੁਨੀਆ ਭਰ ਦੇ ਫਾਰਮਾਸਿਸਟਾਂ ਵੱਲੋਂ ਸਿਹਤ ਖੇਤਰ ਚ ਪਾਏ ਜਾ ਰਹੇ ਯੋਗਦਾਨ ਨੂੰ ਸਨਮਾਨ ਦੇਣਾ ਅਤੇ ਫਾਰਮੇਸੀ ਦੇ ਪੇਸ਼ੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਵੱਖੋ-ਵੱਖ ਬਿਮਾਰੀਆਂ ਦੇ ਇਲਾਜ ਚ ਡਾਕਟਰਾਂ ਦੇ ਨਾਲ-ਨਾਲ ਫਾਰਮਾਸਿਸਟਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਨੇ ਦੱਸਿਆ ਕਿ ਵਿਸ਼ਵ ਫਾਰਮਾਸਿਸਟ ਦਿਵਸ ਦੀ ਸ਼ੁਰੂਆਤ ਸਾਲ 2009 ਚ ਇਸਤਾਂਬੁਲ, ਤੁਰਕੀ ਵਿਖੇ ਹੋਈ ਫਾਰਮੇਸੀ ਅਤੇ ਫਾਰਮਾਸਿਊਟੀਕਲ ਸਾਇੰਸ ਦੀ ਵਿਸ਼ਵ ਕਾਨਫਰੰਸ ਦੌਰਾਨ ਇੰਟਰਨੈਸ਼ਨਲ ਫਾਰਮਾਸਿਊਟੀਕਲ ਫੈਡਰੇਸ਼ਨ ਵੱਲੋਂ ਕੀਤੀ ਸੀ। 25 ਸਤੰਬਰ ਦੀ ਤਾਰੀਖ ਇਸ ਲਈ ਚੁਣੀ ਗਈ। ਕਿਉਂਕਿ ਇਸੇ ਦਿਨ ਸਾਲ 1912 ਚ ਐਫਆਈਪੀ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਫਾਰਮਾਸਿਸਟ ਹਮੇਸ਼ਾ ਲੋਕਾਂ ਦੀ ਭਲਾਈ ਲਈ ਤਤਪਰ ਰਹਿੰਦੇ ਹਨ। ਪ੍ਰੋਗਰਾਮ ਕੋਆਰਡੀਨੇਟਰ ਮਨਪ੍ਰੀਤ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਅਮਨਜੋਤ ਕੌਰ ਤੇ ਜਸਪ੍ਰੀਤ ਵੱਲੋਂ ਕੀਤੀ ਗਈ। ਪੋਸਟਰ ਮੇਕਿੰਗ ਮੁਕਾਬਲੇ ਚ ਤੌਫਿਕ ਕੁਰੈਸ਼ੀ, ਰੋਜ਼ੀਨ ਅਤੇ ਬੰਸ਼ ਗਰੁੱਪ ਨੇ ਪਹਿਲਾ, ਅੰਮ੍ਰਿਤਾ ਨੇ ਦੂਜਾ ਅਤੇ ਵਿਸ਼ਵਜੀਤ ਸਿੰਘ ਤੇ ਗੌਰਵ ਜੱਸੀ ਨੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਚ ਸੈਮਿਨਕਾ, ਗੁਰਲੀਨ ਅਤੇ ਹੋਰੋਜ਼ਲਿਨ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸ ਤੋਂ ਬਾਅਦ ਫਾਰਮਾਸਿਸਟਾਂ ਦੀ ਭੂਮਿਕਾ ਤੇ ਨੁੱਕੜ ਨਾਟਕ ਖੇਲੇ ਗਏ। ਜੇਤੂ ਵਿਦਿਆਰਥੀਆਂ ਨੂੰ ਅਤੇ ਵਕਤਾ ਡਾ. ਗਿਲ ਨੂੰ ਮੰਚ ਤੇ ਸਨਮਾਨਿਤ ਕੀਤਾ ਗਿਆ। ਮੌਕੇ ਤੇ ਨਵਜੋਤ, ਸ਼ਿਖਾ ਦੇਵਾ, ਜਸਪ੍ਰੀਤ, ਜਸਕਰਨ, ਇੰਦਰਪ੍ਰੀਤ, ਮੁਕੇਸ਼ ਸ਼ਰਮਾ, ਸੰਦੀਪ ਸਿੰਘ, ਰਿੰਪਾ, ਪੱਲਵੀ, ਗੁਲਸ਼ਨ, ਅਨੀਰਵਨ ਅਤੇ ਵਿਪਨ ਕੁਮਾਰ ਸਮੇਤ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਰਹੇ।