ਬੀਐੱਲਐੱਮ ਗਰਲਜ਼ ਕਾਲਜ ’ਚ ਹੈਂਡ ਬੈਗ ਬਣਾਉਣ ਸਬੰਧੀ ਵਰਕਸ਼ਾਪ ਕਰਵਾਈ ਬੀਐਲਐਮ ਗਰਲਜ਼ ਕਾਲਜ 'ਚ ਹੈਂਡ ਬੈਗ ਬਣਾਉਣ ਸੰਬੰਧੀ ਵਰਕਸ਼ਾਪ ਕਰਵਾਈ
Publish Date: Sat, 26 Sep 2026 04:10 PM (IST)
Updated Date: Sat, 26 Sep 2026 04:12 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਈਕੋ ਕਲੱਬ ਵੱਲੋਂ ਵਿਦਿਆਰਥਣਾਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ ਕਪਾਹ ਦੇ ਹੈਂਡ ਬੈਗ ਬਣਾਉਣ ਸਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਕੌਂਸਲ (ਪੀਐੱਸਸੀਐੱਸਟੀ) ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਗਈ। ਵਰਕਸ਼ਾਪ ਈਕੋ ਕਲੱਬ ਇੰਚਾਰਜ ਡਾ. ਗੌਰੀ ਦੀ ਅਗਵਾਈ ਹੇਠ ਕਰਵਾਈ, ਜਦਕਿ ਅਸਿਸਟੈਂਟ ਡਾ. ਹਰਦੀਪ ਕੌਰ ਅਤੇ ਮਨੋਜ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਵਿਚ ਸਰਗਰਮ ਸਹਿਯੋਗ ਦਿੱਤਾ। ਕਾਲਜ ਦੀਆਂ 50 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਪਾਹ ਦੇ ਵਾਤਾਵਰਣ ਅਨੁਕੂਲ ਹੈਂਡ ਬੈਗ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਲਾਸਟਿਕ ਦੀ ਥਾਂ ਮੁੜ ਵਰਤੋਂ ਯੋਗ ਅਤੇ ਵਾਤਾਵਰਣ ਅਨੁਕੂਲ ਵਸਤਾਂ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰੀਨ ਇੰਡੀਆ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਈਕੋ ਕਲੱਬ ਇੰਚਾਰਜ ਡਾ. ਗੌਰੀ ਨੇ ਕਲੱਬ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਵਾਤਾਵਰਣ ਸੰਭਾਲ, ਕੁਦਰਤੀ ਸਰੋਤਾਂ ਦੀ ਸੁਰੱਖਿਆ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਟਿਕਾਊ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।।ਕਾਲਜ ਪ੍ਰਬੰਧਕਾਂ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਕੌਂਸਲ (ਪੀਐੱਸਸੀਐੱਸਟੀ) ਚੰਡੀਗੜ੍ਹ ਅਤੇ ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਭਾਰਤ ਸਰਕਾਰ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕੀਤਾ ਗਿਆ।