ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਕੀਤਾ ਜਾਗਰੂਕ : ਐੱਸਐੱਮਓ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਕੀਤਾ ਜਾਗਰੂਕ-ਐੱਸਐੱਮਓ ਡਾ. ਸਤਿੰਦਰਜੀਤ ਕੌਰ
Publish Date: Sun, 25 Oct 2026 05:32 PM (IST)
Updated Date: Sun, 25 Oct 2026 05:34 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਲੋਕਾਂ ਨੂੰ ਮਿਆਰੀ ਅਤੇ ਸੁਚਾਰੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਵੱਲੋਂ ਆਯੂਸ਼ਮਾਨ ਆਰੋਗਿਆ ਕੇਂਦਰ ਜੱਬੋਵਾਲ ਵਿਖੇ ਸਪੋਰਟਿਵ ਸੁਪਰਵੀਜ਼ਨ ਕੀਤੀ। ਇਸ ਦੌਰਾਨ ਕੇਂਦਰ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਸਿਹਤ ਸਟਾਫ਼ ਨੂੰ ਵਿਭਾਗ ਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਡਾ. ਸਤਿੰਦਰਜੀਤ ਕੌਰ ਨੇ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਟੀਬੀ ਦੀ ਜਲਦੀ ਪਛਾਣ ਅਤੇ ਇਲਾਜ, ਗਰਭਵਤੀ ਮਹਿਲਾਵਾਂ ਦੀ ਨਿਯਮਤ ਜਾਂਚ, ਬੱਚਿਆਂ ਦੇ ਸੰਪੂਰਨ ਟੀਕਾਕਰਨ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ ਨੂੰ ਤਰਜੀਹ ਦਿੱਤੀ। ਇਸ ਦੇ ਨਾਲ ਹੀ ਯੋਗ ਲਾਭਪਾਤਰੀਆਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ, ਮਰੀਜ਼ਾਂ ਦੇ ਰਿਕਾਰਡ ਨੂੰ ਅਪਡੇਟ ਰੱਖਣ ਅਤੇ ਦਵਾਈਆਂ ਤੇ ਜਾਂਚ ਸਹੂਲਤਾਂ ਦੀ ਉਪਲੱਬਧਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ, ਸਿਹਤਮੰਦ ਜੀਵਨ-ਸ਼ੈਲੀ, ਸਾਫ-ਸਫਾਈ ਅਤੇ ਸਮੇਂ ਸਿਰ ਸਿਹਤ ਜਾਂਚ ਕਰਵਾਉਣ ਬਾਰੇ ਜਾਗਰੂਕ ਗਤੀਵਿਧੀਆਂ ਕਰਨੀਆਂ ਯਕੀਨੀ ਬਣਾਈਆਂ ਜਾਣ। ਡਾ. ਸਤਿੰਦਰਜੀਤ ਕੌਰ ਵੱਲੋਂ ਸਿਹਤ ਮੁਲਾਜ਼ਮਾਂ ਨੂੰ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨੇ ਤਹਿਤ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਵੀ ਸਿਹਤ ਸਟਾਫ਼ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ, ਸਮੇਂ ਸਿਰ ਜਾਂਚ ਅਤੇ ਜਲਦੀ ਪਛਾਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਪਿੰਡ ਪੱਧਰ ਤੇ ਜਾਗਰੂਕਤਾ ਸੈਸ਼ਨ, ਸਿਹਤ ਸਿੱਖਿਆ ਗਤੀਵਿਧੀਆਂ ਅਤੇ ਨਿੱਜੀ ਸਲਾਹ-ਮਸ਼ਵਰੇ ਰਾਹੀਂ ਇਸ ਸਬੰਧੀ ਜਾਣਕਾਰੀ ਪਹੁੰਚਾਈ ਜਾਵੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਛਾਤੀ ਵਿਚ ਗੰਢ, ਆਕਾਰ ਵਿਚ ਬਦਲਾਅ, ਚਮੜੀ ਵਿਚ ਅਸਾਧਾਰਨ ਤਬਦੀਲੀ ਜਾਂ ਛਾਤੀ ਦੇ ਅਗਲੇ ਹਿੱਸੇ ਵਿਚ ਅਸਾਧਾਰਨ ਤਬਦੀਲੀ ਵਰਗੇ ਲੱਛਣਾਂ ਵਾਲੀਆਂ ਔਰਤਾਂ ਨੂੰ ਬਿਨਾਂ ਦੇਰੀ ਸਿਹਤ ਸੰਸਥਾ ਵਿਚ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਲੋੜ ਅਨੁਸਾਰ ਅਗਲੇਰੀ ਜਾਂਚ ਲਈ ਰੈਫ਼ਰ ਕੀਤਾ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਸਮੇਂ ਸਿਰ ਪਛਾਣ ਅਤੇ ਢੁੱਕਵਾਂ ਇਲਾਜ ਛਾਤੀ ਦੇ ਕੈਂਸਰ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਨਿਭਾਉਣ, ਮਰੀਜ਼ਾਂ ਨਾਲ ਸਨਮਾਨਜਨਕ ਵਿਹਾਰ ਕਰਨ। ਇਸ ਮੌਕੇ ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਅੰਮ੍ਰਿਤਪਾਲ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਮਰਚਾਰੀ ਮੌਜੂਦ ਸਨ।