ਇੱਕਾ-ਦੁੱਕਾ ਦੁਕਾਨਦਾਰਾਂ ਨੂੰ ਛੱਡ ਬਲਾਚੌਰ ਮੁਕੰਮਲ ਬੰਦ ਰਿਹਾ ਇੱਕਾ-ਦੁੱਕਾ ਦੁਕਾਨਦਾਰਾਂ ਨੂੰ ਛੱਡ ਬਲਾਚੌਰ ਮੁਕੰਮਲ ਬੰਦ ਰਿਹਾ
Publish Date: Fri, 21 Aug 2026 06:51 PM (IST)
Updated Date: Fri, 21 Aug 2026 06:54 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਾ ਕਰਨ ਅਤੇ ਪੈਰੋਲ ਤੋਂ ਵਾਂਝੇ ਰੱਖਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਸਥਾਨਕ ਸ਼ਹਿਰ ਬਲਾਚੌਰ ਦੇ ਇੱਕਾ-ਦੁੱਕਾ ਦੁਕਾਨਦਾਰਾਂ ਨੂੰ ਛੱਡ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਬਲਾਚੌਰ ਵਿਖੇ ਵੱਖ-ਵੱਖ ਆਗੂਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀ ਇਸ ਦੋਹਰੀ ਨੀਤੀ ਤੇ ਸਵਾਲ ਖੜੇ ਕਰਦਿਆਂ ਆਖਿਆ ਕਿ ਜਿੱਥੇ ਇੱਕ ਪਾਸੇ ਗੰਭੀਰ ਅਪਰਾਧਾਂ ਕਤਲ ਅਤੇ ਜਬਰ-ਜਨਾਹ ਵਰਗੇ ਕੇਸਾਂ ਵਿਚ ਸਜ਼ਾਯਾਫਤਾ ਦੋਸ਼ੀਆਂ ਨੂੰ ਵਾਰ-ਵਾਰ ਪੇਰੋਲ ਦਿੱਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਤਿੰਨ-ਤਿੰਨ ਦਹਾਕਿਆ ਤੋਂ ਜ਼ੇਲ੍ਹਾਂ ਦੀ ਕੈਦ ਕੱਟ ਰਹੇ ਸਿੱਖ ਕੈਦੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਸਾਹਮਣੇ ਸਭ ਨੂੰ ਬਰਾਬਰ ਰੱਖਣ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਸਿੱਖਾਂ ਦੇ ਮਾਮਲੇ ਵਿਚ ਜਾਣ-ਬੁੱਝ ਕੇ ਪੱਖਪਾਤੀ ਰਵੱਈਆਂ ਅਪਣਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਵੱਲੋਂ ਲਿਖਤੀ ਰੂਪ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਸਿਹਤ ਬਹੁਤ ਜਿਆਦਾ ਗੰਭੀਰ ਹੋਣ ਅਤੇ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਆਖਰੀ ਵਾਰ ਵੇਖਣ ਦੀ ਮੰਗ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ। ਪਰ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਆਪਣੇ ਹੀ ਉਚ ਸੰਵਿਧਾਨਕ ਅਧਿਕਾਰੀ ਦੀ ਸਿਫਾਰਸ਼ ਨੂੰ ਵੀ ਅੱਖੋਂ-ਪਰੋਖੇ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਆਖਿਆ ਕਿ ਜੇਕਰ ਭਾਈ ਜਗਤਾਰ ਸਿੰਘ ਦੀ ਮਾਤਾ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਹੋਣਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਤੇ ਸੂਬਾ ਸਰਕਾਰ ਦੀ ਹੋਵੇਗੀ। ਆਗੂਆਂ ਨੇ ਅਖੀਰ ਵਿਚ ਸਮਰਥਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਤੇ ਸਮਰਥਨ ਨਹੀ ਦਿੱਤਾ ਉਨ੍ਹਾਂ ਦਾ ਵੀ ਧੰਨਵਾਦ ਕੀਤਾ। - ਜਥੇਬੰਦੀ ਦੇ ਆਗੂਆਂ ਦੇ ਕੁਝ ਦੁਕਾਨਦਾਰਾਂ ਵਿਚਕਾਰ ਹੋਈ ਝੜਪ, ਡੀਐੱਸਪੀ ਨੇ ਮੌਕਾ ਸੰਭਾਲਿਆ ਬਲਾਚੌਰ ਵਿਚ ਬੰਦ ਦੀ ਕਾਲ ਨੂੰ ਲੈ ਕੇ ਸਥਿਤੀ ਉਸ ਵੇਲੇ ਇੱਕ ਝੜਪ ਦੇ ਰੂਪ ਵਿਚ ਬਦਲ ਗਈ ਜਦ ਇੱਕ ਪਾਸੇ ਜਥੇਬੰਦੀ ਦੇ ਆਗੂਆਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਨੂੰ ਬੇਨਤੀ ਸਹਿਤ ਬੰਦ ਕਰਵਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਦੁਕਾਨਾਂ ਬੰਦ ਰੱਖਣ ਦੇ ਆ ਰਹੇ ਹੁਕਮਾਂ ਨਾਲ ਉਨ੍ਹਾਂ ਦੀਆਂ ਦੁਕਾਨਦਾਰੀਆਂ ਪ੍ਰਭਾਵਿਤ ਹੋ ਰਹੀਆਂ ਹਨ। ਜਦਕਿ ਜਥੇਬੰਦੀ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਇਸ ਮੁੱਦੇ ’ਤੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਇਸ ਝੜਪ ਸਬੰਧੀ ਜਦੋਂ ਡੀਐੱਸਪੀ ਬਲਾਚੌਰ ਹੇਮੰਤ ਮਲਹੋਤਰਾ ਨੂੰ ਜਾਣਕਾਰੀ ਪ੍ਰਾਪਤ ਹੋਈ ਤਾਂ ਉਹ ਤੁਰੰਤ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ। ਜਿਨ੍ਹਾਂ ਵੱਲੋਂ ਵਿਰੋਧ ਕਰ ਰਹੇ ਜਥੇਬੰਦੀ ਦੇ ਆਗੂਆਂ ਅਤੇ ਦੁਕਾਨਦਾਰਾਂ ਨੂੰ ਅਲੱਗ ਅਲੱਗ ਕੀਤਾ ਅਤੇ ਟਕਰਾਅ ਦੀ ਪੈਦਾ ਹੋਈ ਸਥਿਤੀ ਤੇ ਕਾਬੂ ਪਾਇਆ।