84 ਦੇ ਦੋਸ਼ੀਆਂ ਨੂੰ ਸਜਾਵਾਂ ਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ : ਬਲਜੀਤ ਧਰਮਕੋਟ ਤਸਵੀਰ ਸਮੇਤ---84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ-ਬਲਜੀਤ ਧਰਮਕੋਟ
Publish Date: Tue, 03 Nov 2026 06:03 PM (IST)
Updated Date: Tue, 03 Nov 2026 06:05 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਈਟੀਆਈ ਨਵਾਂਸ਼ਹਿਰ ਲੜਕੇ ਅਤੇ ਆਈਟੀਆਈ ਨਵਾਂਸ਼ਹਿਰ ਲੜਕੀਆਂ ਵਿਖੇ ਰੋਸ ਪ੍ਰਗਟ ਕੀਤਾ। ਪੀਐੱਸਯੂ ਦੇ ਜ਼ਿਲ੍ਹਾ ਆਗੂ ਯੁਗਰਾਜ ਸਿੰਘ ਮੀਰਪੁਰ, ਆਈਟੀਆਈ ਦੇ ਵਿਦਿਆਰਥੀ ਲਵ ਕੁਮਾਰ ਅਤੇ ਪ੍ਰਭਜੋਤ ਸਿੰਘ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੇਸ਼ ਦੇ ਇਤਿਹਾਸ ਦੇ ਵਿਚ ਬਹੁਤ ਮੰਦਭਾਗੀ ਘਟਨਾ ਹੈ। ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ। ਸਿੱਖ ਕਤਲੇਆਮ ਨੂੰ ਯੋਜਨਾਵੱਧ ਤਰੀਕੇ ਨਾਲ ਕੀਤਾ ਸੀ, ਜਿਸ ਵਿਚ ਉਸ ਸਮੇਂ ਦੀ ਸਰਕਾਰ, ਪੁਲਿਸ ਅਤੇ ਗੁੰਡਿਆਂ ਵੱਲੋਂ ਦਿੱਲੀ ਸਮੇਤ ਹੋਰਨਾਂ ਸੂਬਿਆਂ ਦੇ ਵਿਚ ਸਿੱਖ ਪਰਿਵਾਰਾਂ ਦੀਆਂ ਵੋਟਰ ਲਿਸਟਾਂ ਦੇ ਵਿੱਚੋਂ ਨਾਵਾਂ ਦੀ ਛਾਂਟੀ ਕਰਨ ਉਪਰੰਤ ਉਨ੍ਹਾਂ ਦੇ ਘਰਾਂ, ਮੁਹੱਲਿਆਂ ਨੂੰ ਟਾਰਗੇਟ ਕਰਕੇ ਕੋਹ-ਕੋਹ ਕੇ ਮਾਰਿਆ ਗਿਆ ਅਤੇ ਉਨ੍ਹਾਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਅਤੇ ਲੁੱਟਮਾਰ ਦੀਆਂ ਘਟਨਾਵਾਂ ਤਾਂ ਆਮ ਹੀ ਵਾਪਰੀਆਂ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਫੂਕ ਦਿੱਤਾ ਗਿਆ ਸੀ। ਅੱਜ 40 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ। ਜਿਸ ਦੇ ਲਈ ਇੱਥੋਂ ਦਾ ਰਾਜਨੀਤਿਕ ਪ੍ਰਬੰਧ ਜਿੰਮੇਵਾਰ ਹੈ। ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਭਾਜਪਾ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਫਿਰਕੂ ਧਰੁਵੀਕਰਨ ਕਰਕੇ ਵੋਟਾਂ ਇਕੱਠਿਆ ਕਰਨ ਦੇ ਲਗਾਤਾਰ ਯਤਨ ਕਰ ਰਹੀ। ਪੰਜਾਬ ਦੀ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਪੁਲਿਸ ਸਟੇਟ ਦੇ ਵਿਚ ਤਬਦੀਲ ਕਰ ਰਹੀ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਨਸ਼ਿਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ। ਪੰਜਾਬ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਦੇਹਾਂ ਖੋਹ ਕੇ ਪੁਲਿਸ ਆਪ ਹੀ ਜਬਰੀ ਸੰਸਕਾਰ ਕਰਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰ ਰਹੀ। ਅਖੀਰ ਵਿਚ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿਚ ਪੰਜਾਬ ਦੇ ਲੋਕ ਹੀ ਅੱਗੇ ਆ ਕੇ ਪੰਜਾਬ ਨੂੰ ਇਸ ਮਾੜੇ ਸਮੇਂ ਚੋਂ ਕੱਢ ਕੇ ਪੰਜਾਬ ਨੂੰ ਬਚਾ ਸਕਦੇ ਹਨ। ਇਸ ਮੌਕੇ ਆਈਟੀਆਈ ਦੇ ਲਵਦੀਪ ਸਿੰਘ, ਹਰਪ੍ਰਭ ਸਿੰਘ, ਪ੍ਰਭਜੋਤ ਸਿੰਘ, ਸਤਨਾਮ ਸਿੰਘ, ਭਿੰਦੂ, ਜੱਸੂ ਆਦਿ ਤੋਂ ਇਲਾਵਾ ਹੋਰ ਵੀ ਸਿੱਖਿਆਰਥੀ ਮੌਜੂਦ ਸਨ।