
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਮੋਟਰਸਾਇਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੱਡੀ ਚਾਲਕ ਨੂੰ ਕੀਤੀ ਲੁੱਟਣ ਦੀ ਕੋਸ਼ਿਸ਼

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਤਿੰਨ ਅਣਪਛਾਤੇ ਨੌਜਵਾਨਾਂ ਨੇ ਇੱਕ ਗੱਡੀ ਚਾਲਕ ਨੂੰ ਰੋਕ ਕੇ ਉਸ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਡਰਾਉਣ, ਧਮਕਾਉਣ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕ ਨੇ ਗੱਡੀ ਤੋਂ ਬਾਹਰ ਆਏ ਬਿਨਾਂ ਆਪਣੀ ਗੱਡੀ ਭਜਾ ਕੇ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਬਚਾਅ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਗੱਡੀ ਚਾਲਕ ਰਹਿਮਤ ਅਲੀ ਵਾਸੀ ਪਿੰਡ ਜੱਬੋਵਾਲ ਨੇ ਦੱਸਿਆ ਕਿ ਜੱਬੋਵਾਲ ਨਹਿਰ ਵਾਲੇ ਪਾਸਿਓਂ ਆਉਂਦੇ ਸਮੇਂ ਜੀਟੀ ਰੋਡ ’ਤੇ ਉਨ੍ਹਾਂ ਦੇ ਪਿਛੇ ਤੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਨੰਬਰ ਪੀਬੀ32ਪੀ 3424 ਅੱਗੇ ਲਾ ਕੇ ਉਸ ਨੂੰ ਰੋਕ ਲਿਆ ਅਤੇ ਤੇਜ ਧਾਰ ਹਥਿਆਰਾਂ ਨਾਲ ਉਸ ਦੀ ਗੱਡੀ ਤੇ ਹਮਲਾ ਕਰਦਿਆਂ ਉਸ ਨੂੰ ਡਰਾਉਣ, ਧਮਕਾਉਣ ਅਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਰਹਿਮਤ ਅਲੀ ਨੇ ਗੱਡੀ ਤੋਂ ਬਾਹਰ ਨਾ ਆਉਂਦਿਆਂ ਮੌਕਾ ਦੇਖ ਕੇ ਗੱਡੀ ਭੱਜਾ ਲਈ। ਜਿਸ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਨੇ ਪਿੰਡ ਜੱਬੋਵਾਲ ਦੇ ਗੇਟ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਪਰ ਪਿੰਡ ਵੜਦਿਆਂ ਹੀ ਮੋਟਰਾਂ ਅਤੇ ਉੱਥੋਂ ਦੀ ਵਸੋਂ ਨੂੰ ਦੇਖਦੇ ਹੋਏ ਹਮਲਾਵਰ ਪਿੱਛੇ ਮੁੜ ਗਏ। ਰਹਿਮਤ ਅਲੀ ਨੇ ਦੱਸਿਆ ਕਿ ਅਣਪਛਾਤੇ ਹਮਲਾਵਰ ਪੰਜਾਬੀ ਭਾਸ਼ਾ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਨਕਦੀ, ਮੋਬਾਈਲ ਫੋਨ ਅਤੇ ਹੋਰ ਸਾਮਾਨ ਦੀ ਮੰਗ ਵੀ ਕਰ ਰਹੇ ਸਨ। ਰਹਿਮਤ ਅਲੀ ਨੇ ਦੱਸਿਆ ਕਿ ਅਚਾਨਕ ਹੋਏ ਹਮਲੇ ਕਾਰਨ ਉਹ ਡਰ ਗਏ ਸਨ ਕਿਉਂ ਕਿ ਗੱਡੀ ਵਿਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਸਵਾਰ ਸਨ ਅਤੇ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਕੇ ਗੱਡੀ ਪਿੱਛੇ ਜਨਰੇਟਰ ਬੰਨ੍ਹ ਕੇ ਪਿੰਡ ਵੱਲ ਵਾਪਸ ਆ ਰਹੇ ਸਨ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਕਾਰਵਾਈ ਦਾ ਕੋਈ ਭਰੋਸਾ ਨਾ ਦੇਣ ਕਾਰਨ ਉਨ੍ਹਾਂ ਇਸ ਮਾਮਲੇ ਵਿਚ ਚੁੱਪੀ ਧਾਰ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਜੋ ਕੁੱਝ ਉਨ੍ਹਾਂ ਨਾਲ ਵਾਪਰਿਆ ਉਹ ਦੋਬਾਰਾ ਕਿਸੇ ਨਾਲ ਨਾ ਵਾਪਰ ਇਸ ਲਈ ਪੁਲਿਸ ਵੱਲੋਂ ਇਲਾਕੇ ਵਿਚ ਸਮੇਂ ਸਮੇਂ ਸਿਰ ਗਸ਼ਤ ਤੇਜ ਕੀਤੀ ਜਾਵੇ ਅਤੇ ਅਜਿਹੇ ਅਸਮਾਜਿਕ ਤੱਤਾਂ ਖਿਲਾਫ਼ ਸਮੇਂ ਰਹਿੰਦੇ ਕਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਜੋ ਸਪਲੈਂਡਰ ਮੋਟਰਸਾਈਕਲ ਚਲਾ ਰਹੇ ਸਨ, ਉਸ ਦੇ ਅੱਗੇ ਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸਨ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਦੀ ਗੁਹਾਰ ਵੀ ਲਗਾਈ।